ਫਤਿਹਗੜ੍ਹ ਸਾਹਿਬ/ਅਮਲੋਹ: ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਅਮਲੋਹ ਅਧੀਨ ਪਿੰਡ ਅੰਨੀਆ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ 26 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਹ ਘਟਨਾ ਪਿਛਲੇ ਐਤਵਾਰ ਦੀ ਦੱਸੀ ਜਾ ਰਹੀ ਹੈ, ਜਿਸ ਦੀ ਸੀਸੀਟੀਵੀ ਫੁਟੇਜ ਹੁਣ ਸਾਹਮਣੇ ਆਈ ਹੈ। ਪੁਲਿਸ ਨੇ ਅਣਪਛਾਤੇ ਥਾਰ ਡਰਾਈਵਰ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੀ ਪਛਾਣ ਪਿੰਡ ਅੰਨੀਆ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ, ਗੁਰਪ੍ਰੀਤ ਆਪਣੇ ਘਰ ਦੇ ਬਾਹਰ ਦੇਹਲ਼ੀ ’ਤੇ ਬੈਠਾ ਹੋਇਆ ਸੀ ਕਿ ਅਚਾਨਕ ਉਹ ਸੰਤੁਲਨ ਗੁਆ ਬੈਠਾ ਅਤੇ ਸੜਕ ਵੱਲ ਡਿੱਗ ਗਿਆ। ਇਸੇ ਸਮੇਂ ਉੱਥੋਂ ਲੰਘ ਰਹੀ ਥਾਰ ਕਾਰ ਨਾਲ ਉਸਦੀ ਟੱਕਰ ਹੋ ਗਈ, ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

ਘਟਨਾ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਫੁਟੇਜ ਮੁਤਾਬਕ, ਹਾਦਸੇ ਤੋਂ ਬਾਅਦ ਥਾਰ ਡਰਾਈਵਰ ਕੁਝ ਸਮੇਂ ਲਈ ਰੁਕਿਆ, ਪਰ ਜਿਵੇਂ ਹੀ ਲੋਕ ਮੌਕੇ ’ਤੇ ਇਕੱਠੇ ਹੋਏ, ਉਹ ਗੱਡੀ ਲੈ ਕੇ ਉੱਥੋਂ ਭੱਜ ਗਿਆ। ਲੋਕਾਂ ਨੇ ਉਸਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਗੁਰਪ੍ਰੀਤ ਘਰ ਦੇ ਬਾਹਰ ਬੈਠਾ ਸੀ ਅਤੇ ਗਲੀ ਵਿੱਚ ਕੁਝ ਚੁੱਕਣ ਲਈ ਝੁਕਿਆ ਹੋਇਆ ਸੀ, ਇਸ ਦੌਰਾਨ ਇਹ ਹਾਦਸਾ ਵਾਪਰਿਆ। ਪਰਿਵਾਰ ਨੇ ਡਰਾਈਵਰ ਦੀ ਲਾਪਰਵਾਹੀ ਨੂੰ ਮੌਤ ਦਾ ਕਾਰਨ ਦੱਸਿਆ ਹੈ।

ਅਮਲੋਹ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ, ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਫ਼ਰਾਰ ਡਰਾਈਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।