ਨੰਬਰਦਾਰਾਂ ਦੇ ਹੋਣਗੇ ਡੋਪ ਟੈਸਟ, ਹੁਕਮ ਜਾਰੀ

ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਡੈਲੀਗੇਸ਼ਨ ਨੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਮਿਲੇ ਕੇ ਨੰਬਰਦਾਰਾਂ ਦਾ ਡੋਪ ਟੈਸਟ ਕਰਵਾਉਣ ਸਬੰਧੀ ਸ਼ਿਕਾਇਤ ਕੀਤੀ। ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਤਹਿਸੀਲ ਨਵਾਂਸ਼ਹਿਰ, ਬੰਗਾ ਤੇ ਬਲਾਚੌਰ ਨੂੰ ਪੱਤਰ ਲਿਖ ਕੇ ਨੰਬਰਦਾਰਾਂ ਦਾ ਡੋਪ ਟੈਸਟ ਕਰਵਾ ਕੇ ਤਿੰਨ ਮਹੀਨੇ ਦੇ ਅੰਦਰ-ਅੰਦਰ ਰਿਪੋਰਟ ਭੇਜਣ ਸਬੰਧੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਦੱਸਿਆ ਵੱਖ-ਵੱਖ ਪਿੰਡਾਂ ਦੇ ਡੈਲੀਗੇਸ਼ਨ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਉਨ੍ਹਾਂ ਦੇ ਪਿੰਡਾਂ ਦੇ ਨੰਬਰਦਾਰ ਅਕਸਰ ਹੀ ਨਸ਼ੇ ਵਿਚ ਰਹਿੰਦੇ ਹਨ, ਜਿਸ ਕਾਰਨ ਲੋਕਾਂ ਦਾ ਆਮ ਕੰਮਕਾਜ ਠੀਕ ਢੰਗ ਨਾਲ ਨਹੀਂ ਹੋ ਪਾ ਰਿਹਾ ਅਤੇ ਗਵਾਹੀਆਂ ਆਦਿ ਵੀ ਪੰਚਾਇਤ ਮੈਂਬਰ ਹੀ ਪਾਉਂਦੇ ਹਨ। ਸ਼ਿਕਾਇਤ ਮਿਲਣ ਤੇ ਸਮੂਹ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਤਹਿਸੀਲ ਅਧੀਨ ਪੈਂਦੇ ਨੰਬਰਦਾਰਾਂ ਦਾ ਡੋਪ ਟੈਸਟ ਕਰਵਾ ਕੇ ਤਿੰਨ ਮਹੀਨੇ ਦੇ ਅੰਦਰ-ਅੰਦਰ ਰਿਪੋਰਟ ਭੇਜਣ। ਜੇਕਰ ਕਿਸੇ ਨੰਬਰਦਾਰ ਦਾ ਡੋਪ ਟੈਸਟ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਦੇ ਵਿਰੁੱਧ ਨਿਯਮਾਂ ਮੁਤਾਬਕ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਇਸ ਮੌਕੇ ਤੇ ਏਡੀਸੀ (ਜ) ਰਾਜੀਵ ਵਰਮਾ ਵੀ ਮੌਜੂਦ ਸਨ।




