ਜੈਪੁਰ ਐਕਸਪ੍ਰੈੱਸ ਚ ਫਾਈਰਿੰਗ, ASI ਸਣੇ 4 ਦੀ ਮੌਤ, ਗੋਲੀਬਾਰੀ ਕਰਨ ਵਾਲਾ RPF ਕਾਂਸਟੇਬਲ ਕਾਬੂ

ਮਹਾਰਾਸ਼ਟਰ ਦੇ ਪਾਲਘਰ ਚ ਚੱਲਦੀ ਹੋਈ ਜੈਪੁਰ ਐਕਸਪ੍ਰੈੱਸ ਟਰੇਨ ਚ ਫਾਇਰਿੰਗ ਦੀ ਵੱਡੀ ਘਟਨਾ ਦੀ ਖਬਰ ਸਾਹਮਣੇ ਆਈ ਹੈ। ਗੋਲੀਬਾਰੀ ਚ ਗੋਲੀ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਚਾਰ ਲੋਕਾਂ ਵਿੱਚ ਇੱਕ ਏਐਸਆਈ ਅਤੇ 3 ਯਾਤਰੀ ਸ਼ਾਮਲ ਹਨ। ਹਾਲਾਂਕਿ ਗੋਲੀਬਾਰੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਹ ਘਟਨਾ ਅੱਜ (31 ਜੁਲਾਈ) ਸਵੇਰੇ 5 ਵਜੇ ਦੇ ਕਰੀਬ ਵਾਪਰੀ ਹੈ। ਗੋਲੀਬਾਰੀ ਪਾਲਘਰ ਅਤੇ ਮੁੰਬਈ ਦੇ ਵਿਚਕਾਰ ਦਹਿਸਰ ਵਿੱਚ ਹੋਈ। ਗੋਲੀ ਚਲਾਉਣ ਵਾਲੇ ਦੋਸ਼ੀ ਕਾਂਸਟੇਬਲ ਨੂੰ ਮੀਰਾ ਰੋਡ ਨੇੜੇ ਕਾਬੂ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਸਟੇਬਲ ਮਾਨਸਿਕ ਤਣਾਅ ਤੋਂ ਪੀੜਤ ਸੀ।
ਪੱਛਮੀ ਰੇਲਵੇ ਨੇ ਇੱਕ ਬਿਆਨ ਵਿੱਚ ਕਿਹਾ, ਇੱਕ ਆਰਪੀਐਫ ਕਾਂਸਟੇਬਲ ਨੇ ਪਾਲਘਰ ਸਟੇਸ਼ਨ ਨੂੰ ਪਾਰ ਕਰਨ ਤੋਂ ਬਾਅਦ ਇੱਕ ਚੱਲਦੀ ਜੈਪੁਰ ਐਕਸਪ੍ਰੈਸ ਟਰੇਨ ਦੇ ਅੰਦਰ ਗੋਲੀਬਾਰੀ ਕੀਤੀ। ਉਸ ਨੇ ਇੱਕ ਆਰਪੀਐਫ ਏਐਸਆਈ ਅਤੇ ਤਿੰਨ ਹੋਰ ਯਾਤਰੀਆਂ ਨੂੰ ਗੋਲੀ ਮਾਰ ਦਿੱਤੀ। ਫਿਰ ਉਹ ਦਹਿਸਰ ਸਟੇਸ਼ਨ ਦੇ ਨੇੜੇ ਰੇਲਗੱਡੀ ਤੋਂ ਛਾਲ ਮਾਰ ਗਿਆ। ਦੱਸਣਯੋਗ ਹੈ ਕਿ ਦੋਸ਼ੀ ਕਾਂਸਟੇਬਲ ਨੂੰ ਹਥਿਆਰਾਂ ਸਮੇਤ ਹਿਰਾਸਤ ਚ ਲੈ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਸਵੇਰੇ 5.23 ਵਜੇ ਜੈਪੁਰ-ਮੁੰਬਈ ਸੈਂਟਰਲ ਸੁਪਰਫਾਸਟ ਐਕਸਪ੍ਰੈੱਸ ਟਰੇਨ ਨੰਬਰ 12956 ਦੇ ਬੀ5 ਕੋਚ ਚ ਗੋਲੀਬਾਰੀ ਹੋਈ। ਇਹ ਟ੍ਰੇਨ ਜੈਪੁਰ ਜੰਕਸ਼ਨ ਤੋਂ 02:00 ਵਜੇ ਰਵਾਨਾ ਹੁੰਦੀ ਹੈ ਅਤੇ 06:55 ਵਜੇ ਮੁੰਬਈ ਸੈਂਟਰਲ ਪਹੁੰਚਦੀ ਹੈ। ਹਾਦਸੇ ਵਿੱਚ ਜਾਨ ਗਵਾਉਣ ਵਾਲੇ ਏਐਸਆਈ ਦਾ ਨਾਮ ਤਿਲਕ ਰਾਮ ਹੈ।




