ਥਾਣਾ ਨੰਬਰ 6 ਦੀ ਹੱਦ ਚ ਪੈਂਦੇ ਆਬਾਦਪੁਰਾ ਚ ਸਥਿਤ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਨੂੰ ਕੁੱਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾ ਨਾਲ ਬੁਰੀ ਤਰ੍ਹਾਂ ਵੱਢਿਆ। ਲਹੂ ਲੁਹਾਣ ਹਾਲਤ ਚ ਲੋਕਾਂ ਨੇ ਉਸ ਨੂੰ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਜਿੱਥੇ ਉਸ ਦੀ ਹਾਲਤ ਦੀ ਸਥਿਤੀ ਨਾਜ਼ੁਕ ਦੱਸੀ ਜਾ ਰਹੀ ਹੈ। ਕੁੱਝ ਨੌਜਵਾਨਾਂ ਨੇ ਸਕੂਲ ਅੰਦਰ ਆ ਕੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ। ਪ੍ਰਿੰਸੀਪਲ ਦੇ ਉੱਪਰ ਹਮਲਾ ਇਨ੍ਹਾਂ ਖ਼ਤਰਨਾਕ ਹੋਇਆ, ਜਿਸ ਨਾਲ ਉਸ ਦਾ ਕੰਨ ਤਕ ਕੱਟਿਆ ਗਿਆ। ਹਮਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਸਕੂਲ ਚ ਬੁੱਧਵਾਰ ਨੂੰ ਛੁੱਟੀ ਹੋਣ ਕਾਰਨ ਸਕੂਲ ਚ ਸਿਰਫ ਪ੍ਰਿੰਸੀਪਲ ਤੇ ਇਕ ਕੰਮ ਕਰਨ ਵਾਲੀ ਮਹਿਲਾ ਹੀ ਮੌਜੂਦ ਸੀ। ਜਿਸ ਵੇਲੇ ਇਹ ਹਮਲਾ ਹੋਇਆ ਉਸ ਵੇਲੇ ਮਹਿਲਾ ਬਾਹਰ ਕੋਈ ਕੰਮ ਕਰ ਰਹੀ ਸੀ। ਜਦ ਉਸ ਨੇ ਪਿ੍ਰੰਸੀਪਲ ਨੂੰ ਜ਼ਖ਼ਮੀ ਹਾਲਤ ਚ ਦੇਖਿਆ ਤਾਂ ਉਸ ਨੇ ਮੁਹੱਲੇ ਵਾਲਿਆਂ ਨੂੰ ਸੱਦਿਆ, ਜਿਨ੍ਹਾਂ ਨੇ ਜ਼ਖਮੀ ਹਾਲਤ ਨਿੱਜੀ ਹਸਪਤਾਲ ਚ ਪਹੁੰਚਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ ਪੁਲਿਸ ਵੱਲੋਂ ਇਸ ਮਾਮਲੇ ਚ ਦੋ ਜਣਿਆਂ ਨੂੰ ਰਾਉਂਡਅੱਪ ਕੀਤਾ ਹੈ। ਪਰ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਪੁਲਿਸ ਵੱਲੋਂ ਹਾਲੇ ਤਕ ਜ਼ਖ਼ਮੀ ਪ੍ਰਿੰਸੀਪਲ ਦੇ ਬਿਆਨ ਨਹੀਂ ਲਏ ਜਾ ਸਕੇ। ਕਿਉਂਕਿ ਡਾਕਟਰ ਵੱਲੋਂ ਬਿਆਨ ਦੇਣ ਲਈ ਅਣਫਿੱਟ ਐਲਾਨਿਆ ਹੋਇਆ ਹੈ।