ਬਲਾਚੌਰ ਚ ਲੁਟੇਰਿਆਂ ਨੇ ਵਾਰਦਾਤ ਮਗਰੋਂ ਨੌਜਵਾਨ ਨੂੰ ਸੁੱਟਿਆ ਨਹਿਰ ’ਚ, ਨੌਜਵਾਨ ਦੀ ਲਾਸ਼ ਦੀ ਭਾਲ ਜਾਰੀ

ਲੁਟੇਰਿਆਂ ਦੇ ਹੌਸ਼ਲੇ ਇੰਨੇ ਕੁ ਬੁਲੰਦ ਹੋ ਚੁੱਕੇ ਹਨ ਕਿ ਉਹ ਬਿਨਾਂ ਕਿਸੇ ਖੌਫ ਵੱਡੀਆਂ ਵਾਰਦਾਤਾ ਨੂੰ ਅੰਜ਼ਾਮ ਦੇਣ ਲੱਗੇ ਹਨ। ਅਜਿਹੀ ਹੀ ਦਿਲ ਦਹਿਲਾਉਣ ਵਾਲੀ ਘਟਨਾ ਲਾਗਲੇ ਪਿੰਡ ਭਾਈਪੁਰ ਵਾਸੀ ਰਾਜਨ ਦੀ ਲੁੱਟਖੋਹ ਨਾਲ ਜੁੜੀ ਸਾਹਮਣੇ ਆਈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਲੰਬਰ ਦਾ ਕੰਮ ਕਰਦਾ ਹੈ। ਉਹ ਬੀਤੀ 6 ਸਤੰਬਰ ਨੂੰ ਆਪਣਾ ਕੰਮ ਖਤਮ ਕਰਨ ਉਪਰੰਤ ਆਪਣੇ ਮੋਟਰਸਾਈਕਲ ’ਤੇ ਘਰ ਨੂੰ ਆ ਰਿਹਾ ਸੀ। ਜਦੋਂ ਉਹ ਦੇਰ ਰਾਤ ਤੱਕ ਘਰ ਨਾ ਪੁੱਜਾ ਤਾਂ ਪਰਿਵਾਰਕ ਮੈਬਰਾਂ ਨੇ ਉਸ ਦੀ ਭਾਲ ਕਰਨੀ ਆਰੰਭ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੂੰ ਆਪਣੇ ਲੜਕੇ ਦਾ ਮੋਟਰਸਾਈਕਲ ਤੇ ਮੋਬਾਇਲ ਫੋਨ ਰਿਬੌਕ ਸ਼ੋਅ ਰੂਮ ਦੇ ਨੇੜਿਓਂ ਬਰਾਮਦ ਹੋਏ ਜਿਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਨੇੜੇ ਲੱਗੇ ਸੀਸੀਟੀਵੀ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨ ਲਾਗਲੇ ਪਿੰਡ ਰੱਕੜਾਂ ਬੇਟ ਦੇ ਹਨ, ਦੋਵਾਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ ਹੈ। ਕਥਿਤ ਮੁਲਜ਼ਮਾਂ ਦੀ ਨਿਸ਼ਾਨਦੇਹੀ ਉਪਰ ਪੁਲਿਸ ਵੱਲੋਂ ਵੱਖ-ਵੱਖ ਐਂਗਲਾਂ ’ਤੇ ਜਾਂਚ ਆਰੰਭ ਕਰ ਦਿੱਤੀ ਹੈ ਜਦਕਿ ਲਾਪਤਾ ਨੌਜਵਾਨ ਜਿਹੜਾ ਕਿ ਕਥਿਤ ਮੁਲਜ਼ਮਾਂ ਵੱਲੋਂ ਨਹਿਰ ’ਚ ਸੁੱਟਿਆ ਦੱਸਿਆ ਜਾ ਰਿਹਾ ਹੈ, ਦੀ ਲਾਸ਼ ਦੀ ਭਾਲ ਲਈ ਗੋਤਾਖੋਰਾ ਅਤੇ ਜੇਸੀਬੀ ਦੀ ਮਦਦ ਨਾਲ ਜਾਰੀ ਹੈ।




