"ਸਰਹੱਦੀ ਪਿੰਡ ਰੱਤੋਕੇ ਵਿਖੇ ਮਹਿਲਾ ਦੁਕਾਨਦਾਰ ਦੇ ਹੱਥ ਵਿੱਚੋਂ ਪੈਸੇ ਖੋਹ ਕੇ ਫਰਾਰ ਹੋ ਰਹੇ ਬਾਈਕ ਸਵਾਰ ਦੋ ਲੁਟੇਰਿਆਂ ਨੂੰ ਪਿੱਛਾ ਕਰਕੇ ਲੋਕਾਂ ਨੇ ਦਬੋਚ ਲਿਆ ਅਤੇ ਥਾਣਾ ਖੇਮਕਰਨ ਦੀ ਪੁਲਿਸ ਹਵਾਲੇ ਕਰ ਦਿੱਤਾ। ਜਿਥੇ ਉਨ੍ਹਾਂ ਖਿਲਾਫ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਰੱਤੋਕੇ ਵਾਸੀ ਦਾਰੋ ਪਤਨੀ ਬੀਰ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਕਰੀਬ ਸਾਢੇ 4 ਵਜੇ ਆਪਣੀ ਕਰਿਆਨੇ ਦੀ ਦੁਕਾਨ ’ਤੇ ਮੌਜੂਦ ਸੀ। ਇਸੇ ਦੌਰਾਨ ਬਿਨਾ ਨੰਬਰ ਦੇ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਆਏ। ਜਿਨ੍ਹਾਂ ਨੇ ਉਸ ਨੂੰ 500 ਦਾ ਨੋਟ ਦੇ ਕੇ 100 ਰੁਪਏ ਦਾ ਦੇਸੀ ਘਿਓ ਮੰਗਿਆ। ਜਦੋਂ ਉਹ ਉਨ੍ਹਾਂ ਨੂੰ ਘਿਓ ਦੇਣ ਲੱਗੀ ਤਾਂ ਉਨ੍ਹਾਂ ਨੇ ਮਨਾ ਕਰਦਿਆਂ ਪੈਸੇ ਵਾਪਸ ਮੰਗ ਲਏ। ਪੈਸੇ ਵਾਪਸ ਦੇਣ ਲੱਗਿਆਂ ਉਕਤ ਨੌਜਵਾਨਾਂ ’ਚੋਂ ਇਕ ਨੇ ਉਸਦੇ ਹੱਥ ਵਿਚ ਫੜ੍ਹੇ ਕਰੀਬ ਚਾਰ ਹਜਾਰ ਰੁਪਏ ਝਪਟ ਲਏ ਅਤੇ ਭੱਜ ਨਿਕਲੇ। ਜਦੋਂ ਉਸਨੇ ਰੌਲਾ ਪਾਇਆ ਤਾਂ ਆਸ ਪਾਸ ਦੇ ਲੋਕਾਂ ਉਨ੍ਹਾਂ ਦਾ ਪਿੱਛਾ ਕਰਦਿਆਂ ਥੋੜਾ ਅੱਗੇ ਜਾ ਕੇ ਕਾਬੂ ਕਰ ਲਿਆ। ਮੌਕੇ ’ਤੇ ਪਹੁੰਚੇ ਥਾਣਾ ਖੇਮਕਰਨ ਦੇ ਏਐੱਸਆਈ ਸੁਨੀਲ ਦੱਤ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਸੁਨੀਲ ਸੰਨੀ ਪੁੱਤਰ ਬਾਗਾ ਸਿੰਘ ਅਤੇ ਸਾਗਰ ਸਿੰਘ ਪੁੱਤਰ ਸੇਵਾ ਸਿੰਘ ਦੋਵੇਂ ਵਾਸੀ ਸਰਹਾਲੀ ਵਜੋਂ ਹੋਈ ਹੈ। ਜਿਨ੍ਹਾਂ ਖਿਲਾਫ ਕੇਸ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।"