ਅਧਿਆਪਕਾ ਦਾ ਜਾਅਲੀ ਬੀ.ਸੀ ਸਰਟੀਫਿਕੇਟ ਕੀਤਾ ਰੱਦ: ਡਾ.ਬਲਜੀਤ ਕੌਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਇਸੇ ਤਹਿਤ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੋਨੀਆ ਮਲਹੋਤਰਾ ਈ.ਟੀ.ਟੀ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਜਵਾਲਾਪੁਰ ਬਲਾਕ ਭੁਨਰਹੇੜੀ-1 ਜ਼ਿਲ੍ਹਾ ਪਟਿਆਲਾ, ਦਾ ਜਾਅਲੀ ਪੱਛੜੀ ਸ਼੍ਰੇਣੀ ਸਰਟੀਫਿਕੇਟ ਪੰਜਾਬ ਸਰਕਾਰ ਪੱਧਰ ਤੇ ਗਠਿਤ ਰਾਜ ਪੱਧਰੀ ਸਕਰੂਟਨੀ ਕਮੇਟੀ ਵੱਲੋਂ ਰੱਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਲਵੀਰ ਸਿੰਘ ਪੁੱਤਰ ਨਿਰਮਲ ਸਿੰਘ, ਪਟਿਆਲਾ ਵੱਲੋਂ ਡਾਇਰੈਕਟਰ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਰਕਾਰੀ ਪ੍ਰਾਇਮਰੀ ਸਕੂਲ ਜਵਾਲਾਪੁਰ ਬਲਾਕ ਭੁਨਰਹੇੜੀ-1, ਪਟਿਆਲਾ ਦੀ ਈ.ਟੀ.ਟੀ ਅਧਿਆਪਕਾ ਸੋਨੀਆ ਮਲਹੋਤਰਾ ਨੇ ਪੱਛੜੀ ਸ਼੍ਰੇਣੀ ਦਾ ਸਰਟੀਫਿਕੇਟ ਬਣਾਇਆ ਹੋਇਆ ਹੈ। ਮੰਤਰੀ ਨੇ ਅੱਗੇ ਕਿਹਾ ਕਿ ਸੋਨੀਆ ਮਲਹੋਤਰਾ ਅਰੋੜਾ ਜਾਤੀ ਨਾਲ ਸਬੰਧਤ ਹੈ ਅਤੇ ਉਸ ਦਾ ਗੋਤ ਮਲਹੋਤਰਾ ਹੈ ਜੋ ਜਨਰਲ ਜਾਤੀ ਹੈ, ਉਸ ਨੇ ਕੰਬੋਜ ਸਿੱਖ ਵਿਅਕਤੀ (ਪੱਛੜੀ ਸ਼੍ਰੇਣੀ) ਨਾਲ ਵਿਆਹ ਤੋਂ ਬਾਅਦ ਬੀ.ਸੀ ਸਰਟੀਫਿਕੇਟ ਬਣਾਇਆ ਹੋਇਆ ਸੀ। ਇਸ ਸਰਟੀਫਿਕੇਟ ਨਾਲ ਉਸ ਨੇ ਸਿੱਖਿਆ ਵਿਭਾਗ ਵਿੱਚ ਈ.ਟੀ.ਟੀ ਅਧਿਆਪਕਾ ਦੀ ਸਰਕਾਰੀ ਨੋਕਰੀ ਪ੍ਰਾਪਤ ਕੀਤੀ ਹੈ।




