ਪੰਜਾਬ ਵਿਧਾਨ ਸਭਾ ਦੇ ਇਤਿਹਾਸ ’ਚ ਪਹਿਲੀ ਵਾਰ ਸਮੁੱਚੀ ਪੇਪਰਲੈੱਸ ਕਾਰਵਾਈ ਸ਼ੁਰੂ ਹੋ ਗਈ ਹੈ।। ਸੈਸ਼ਨ ਸਵੇਰੇ ਗਿਆਰਾਂ ਵਜੇ ਸ਼ੁਰੂ ਹੋਇਆ। ਸੈਸ਼ਨ 'ਚ ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜਿਸ ਵਿਚ ਗਾਇਕ ਸੁਰਿੰਦਰ ਸ਼ਿੰਦਾ, ਸ਼ਹੀਦ ਅੰਮ੍ਰਿਤਪਾਲ ਸਿੰਘ ਨੂੰ ਵੀ ਸ਼ਰਧਾਜਲੀ ਭੇਟ ਕੀਤੀ ਗਈ। ਸਦਨ ਦੀ ਕਾਰਵਾਈ ਮੁਲਤਵੀ ਹੋਣ ਤੋਂ ਮਗਰੋਂ ਮੁੜ ਸ਼ੁਰੂ ਹੋ ਗਈ ਹੈ। ਕਾਂਗਰਸ ਨੇ ਗਵਰਨਰ ਨਾਲ ਤਕਰਾਰ ਦਾ ਮੁੱਦਾ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਗਵਰਨਰ ਨੇ ਵਿਧਾਨ ਸਭਾ ਸੈਸ਼ਨ ਨੂੰ ਗੈਰ-ਕਾਨੂੰਨੀ ਦੱਸਿਆ ਸੀ। ਜਿਸ ਦਾ ਹੀ ਮੁੱਦਾ ਕਾਂਗਰਸ ਵੱਲੋਂ ਚੁੱਕਿਆ ਗਿਆ ਹੈ।
ਜਾਣਕਾਰੀ ਅਨੁਸਾਰ ਕਾਂਗਰਸ ਨੇ ਸਰਕਾਰ ਨੂੰ ਸਦਨ ਵਿਚ ਐੱਸਵਾਈਐੱਲ, ਨਸ਼ੇ, ਅਮਨ ਕਾਨੂੰਨ ਦੀ ਸਥਿਤੀ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਸਮੇਤ ਹੋਰਨਾਂ ਮੁੱਦਿਆ ’ਤੇ ਘੇਰਨ ਲਈ ਪੂਰੀ ਰਣਨੀਤੀ ਤਿਆਰ ਕੀਤੀ ਹੈ ਜਿਸ ਕਰਕੇ ਦੋ ਦਿਨਾ ਬੈਠਕ ਮੌਕੇ ਸਦਨ ’ਚ ਹੁਕਮਰਾਨ ਤੇ ਵਿਰੋਧੀ ਧਿਰ ’ਚ ਜ਼ਬਰਦਸਤ ਹੰਗਾਮਾ ਹੋਣ ਦੇ ਆਸਾਰ ਬਣੇ ਹੋਏ ਹਨ। ਖ਼ਾਸ ਕਰਕੇ ਸਤੁਲਜ ਯਮਨਾ ਸੰਪਰਕ ਨਹਿਰ ਦੇ ਮੁੱਦੇ ’ਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਵੱਲੋਂ ਹਰਿਆਣੇ ਨੂੰ ਪਾਣੀ ਦੇਣ ਦੇ ਬਿਆਨ ’ਤੇ ਕਾਂਗਰਸੀਆਂ ਨੇ ਸਦਨ ਵਿਚ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ਖਿੱਚੀ ਹੋਈ ਹੈ। ਇਸ ਮੁੱਦੇ ’ਤੇ ਭਖਵੀ ਬਹਿਸ ਹੋਣ ਦੀ ਸੰਭਾਵਨਾ ਹੈ।
ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵੀਰਵਾਰ ਨੂੰ ਵਿਧਾਨ ਸਭਾ ਸਕੱਤਰੇਤ ’ਚ ਪਾਰਟੀ ਦੇ ਦਫ਼ਤਰ ਵਿਖੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ। ਦੱਸਿਆ ਜਾਂਦਾ ਹੈ ਕਿ ਮੀਟਿੰਗ ਵਿਚ ਸੈਸ਼ਨ ਦੀ ਮਾਨਤਾ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਨੇ ਖੁੱਲ੍ਹ ਕੇ ਚਰਚਾ ਕੀਤੀ ਅਤੇ ਸੈਸ਼ਨ ’ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ। ਕਈ ਵਿਧਾਇਕਾਂ ਨੇ ਦਲੀਲ ਦਿੱਤੀ ਕਿ ਜੇਕਰ ਸੈਸ਼ਨ ਦੀ ਕਾਰਵਾਈ ਵਿਚ ਹਿੱਸਾ ਨਾ ਲਿਆ ਤਾਂ ਹੁਕਮਰਾਨ ਧਿਰ ਖ਼ਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਕਹਿਣ ਦਾ ਮੌਕਾ ਮਿਲ ਜਾਵੇਗਾ ਕਿ ਕਾਂਗਰਸੀ ਸਦਨ ਤੋਂ ਭੱਜ ਗਏ ਹਨ। ਇਸ ਤਰ੍ਹਾਂ ਤੁਹਮਤਾਂ ਤੋਂ ਬਚਣ ਲਈ ਕਾਂਗਰਸੀਆਂ ਨੇ ਸਰਕਾਰ ਨੂੰ ਘੇਰਨ ਲਈ ਸਦਨ ਦੀ ਕਾਰਵਾਈ ਵਿਚ ਹਿੱਸਾ ਲੈਣ ਦਾ ਫ਼ੈਸਲਾ ਕੀਤਾ ਹੈ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਤੇ ਸੂਬਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੈਸ਼ਨ ਨੂੰ ਗ਼ੈਰ ਕਾਨੂੰਨੀ ਦੱਸਿਆ ਹੈ। ਜੇਕਰ ਸੈਸ਼ਨ ਗ਼ੈਰ ਕਾਨੂੰਨੀ ਹੈ ਫਿਰ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਬਾਜਵਾ ਨੇ ਕਿਹਾ ਕਿ ਅਜੇ ਤੱਕ ਵਿਧਾਨ ਸਭਾ ’ਚ ਹੋਣ ਵਾਲੇ ਬਿਜਨਸ ਸਬੰਧੀ ਕੋਈ ਜਾਣਕਾਰੀ ਵਿਧਾਇਕਾਂ ਨੂੰ ਨਹੀਂ ਦਿੱਤੀ ਗਈ।





