ਜ਼ਿਲ੍ਹੇ ਦੇ ਪਿੰਡ ਭੁੱਚੋ ਕਲਾਂ ਨਿਵਾਸੀ ਕਿਸਾਨ ਬਿੰਦਰ ਦੇ ਘਰ ਇੱਕ ਸਾਲ ਪਹਿਲਾਂ ਰਾਤ ਸਮੇਂ ਲੁੱਟ ਦੇ ਇਰਾਦੇ ਨਾਲ ਪੁਲਿਸ ਵਰਦੀ ਪਹਿਨ ਕੇ ਕੁਝ ਵਿਅਕਤੀ ਹਥਿਆਰਾਂ ਸਣੇ ਦਾਖਲ ਹੋਏ ਸਨ। ਇਸ ਮਾਮਲੇ ਵਿੱਚ ਅੱਧੀ ਦਰਜਨ ਲੁਟੇਰਿਆਂ ਦੀ ਪੁਲਿਸ ਨੇ ਪਛਾਣ ਕਰ ਲਈ ਹੈ ਅਤੇ ਇਸ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਬਾਕੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਇਸ ਵਾਰਦਾਤ ਦਾ ਮਾਸਟਰਮਾਈਂਡ ਕੋਈ ਹੋਰ ਨਹੀਂ, ਸਗੋਂ ਬਰਖ਼ਾਸਤ ਥਾਣਾ ਦਿਆਲਪੁਰਾ ਦਾ ਮੁਨਸ਼ੀ ਤੇ ਪੁਲਿਸ ਮੁਲਾਜ਼ਮ ਸੰਦੀਪ ਸਿੰਘ ਅਤੇ ਦੂਜਾ ਸਾਥੀ ਬਰਖ਼ਾਸਤ ਹੌਲਦਾਰ ਸਾਹਿਬ ਸਿੰਘ ਹੀ ਹੈ।

ਉਨ੍ਹਾਂ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਕਿਸਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ, ਪਰ ਕਿਸਾਨ ਵੱਲੋਂ ਜਵਾਬੀ ਫਾਇਰਿੰਗ ਕਾਰਨ ਉਕਤ ਲੋਕ ਮੌਕੇ ਤੋਂ ਫ਼ਰਾਰ ਹੋ ਗਏ। ਉਦੋਂ ਪੁਲਿਸ ਨੇ ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਨੂੰ ਟਰੇਸ ਕਰਨ ਲਈ ਪਿਛਲੇ 13 ਮਹੀਨਿਆਂ ਤੋਂ ਪੁਲਿਸ ਦੀਆਂ ਟੀਮ ਲਗਾਤਾਰ ਯਤਨ ਕਰ ਰਹੀਆਂ ਸਨ। ਪਰ ਬੀਤੇ ਦਿਨੀਂ ਥਾਣਾ ਦਿਆਲਪੁਰਾ ਦੇ ਮਾਲਖਾਨੇ 'ਚੋਂ ਗਾਇਬ ਵਿਦੇਸ਼ੀ ਹਥਿਆਰ ਗੈਂਗਸਟਰਾਂ ਨੂੰ ਵੇਚਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਪੁਲਿਸ ਮੁਲਾਜ਼ਮ ਸੰਦੀਪ ਸਿੰਘ ਨੂੰ ਜਦੋਂ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਗਈ, ਤਾਂ ਉਸ ਨੇ ਪੂਰੇ ਮਾਮਲੇ ਦਾ ਖ਼ੁਲਾਸਾ ਕੀਤਾ।

ਇਸ ਤੋਂ ਬਾਅਦ ਪੁਲਿਸ ਨੇ ਉਸ ਦੇ ਹੋਰ ਸਾਥੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਉਕਤ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਉਸ ਵਾਰਦਾਤ ਵਿੱਚ ਵਰਤੀ ਗਈ ਏਕੇ 47 ਰਾਈਫ਼ਲ ਤੋਂ ਇਲਾਵਾ ਹੋਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਅਨੁਸਾਰ, ਜੋ ਹਥਿਆਰ ਬਰਾਮਦ ਕੀਤੇ ਗਏ ਹਨ, ਉਹ ਥਾਣਾ ਨਥਾਣਾ ਵਿੱਚ ਦਰਜ ਇਕ ਮਾਮਲੇ ਦੀ ਪ੍ਰਾਪਰਟੀ ਸੀ। ਕੇਸ ਵਿੱਚ ਅਦਾਲਤੀ ਕਾਰਵਾਈ ਕਾਰਨ ਥਾਣੇ ਦੇ ਮਾਲਖਾਨੇ ਵਿੱਚ ਰੱਖੀ ਗਈ ਸੀ। ਉਸ ਨੂੰ ਉਕਤ ਤਤਕਾਲੀ ਪੁਲਿਸ ਮੁਲਾਜ਼ਮਾਂ ਨੇ ਮਾਲਖਾਨੇ 'ਚੋਂ ਗਾਇਬ ਕਰ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।