ਜ਼ਿਲ੍ਹਾ ਸਦਰ ਮੁਕਾਮ ’ਤੇ ਰੇਲਵੇ ਸਟੇਸ਼ਨ ਰੂਪਨਗਰ ਦੇ ਅਧਿਕਾਰੀ ਤੇ ਮੁਲਾਜ਼ਮ ਅੰਗਰੇਜ਼ਾਂ ਵੇਲੇ ਕਰੀਬ ਸਾਢੇ 9 ਦਹਾਕੇ ਪਹਿਲਾਂ ਬਣੇ ਖ਼ਸਤਾਹਾਲ ਕਮਰਿਆਂ ’ਚ ਰਹਿਣ ਲਈ ਮਜਬੂਰ ਹਨ। ਹੁਣ ਕੇਂਦਰ ਸਰਕਾਰ ਵੱਲੋਂ ਅੰਮ੍ਰਿਤ ਭਾਰਤ ਯੋਜਨਾ ਤਹਿਤ ਰੇਲਵੇ ਸਟੇਸ਼ਨਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਇਸ ਨਾਲ ਰੇਲਵੇ ਸਟੇਸ਼ਨ ’ਤੇ ਤਾਇਨਾਤ ਅਧਿਕਾਰੀ ਤੇ ਮੁਲਾਜ਼ਮਾ ਨੂੰ ਨਵੇ ਕੁਆਟਰ ਮਿਲਣ ਦੀ ਆਸ ਬੱਝੀ ਹੈ।

ਦੱਸਣਯੋਗ ਹੈ ਕਿ ਰੂਪਨਗਰ ਦਾ ਰੇਲਵੇ ਸਟੇਸ਼ਨ ਅੰਗਰੇਜ਼ਾਂ ਦੇ ਰਾਜ ਦੌਰਾਨ ਸਾਲ 1927 ਵਿਚ ਬਣਾਇਆ ਗਿਆ ਸੀ, ਜਿਸ ਦੇ ਨਾਲ ਹੀ ਸਟੇਸ਼ਨ ਦੇ ਬਿਲਕੁਲ ਕੋਲ ਢਾਈ ਦਰਜਨ ਦੇ ਕਰੀਬ ਕੁਆਰਟਰ ਤੇ ਚਾਰ ਕੋਠੀਆਂ ਵੀ ਬਣਾਈਆਂ ਗਈਆਂ ਸਨ। ਉਸ ਸਮੇਂ ਤੋਂ ਸਿਰਫ਼ ਸਟੇਸ਼ਨ ਨਾਲ ਸਬੰਧਤ ਅਧਿਕਾਰੀ ਹੀ ਬਣੇ ਸੈੱਲਾਂ ਵਿਚ ਰਹਿੰਦੇ ਸਨ। ਭਾਵੇਂ ਇਨ੍ਹਾਂ ’ਚੋਂ 16 ਦੇ ਕਰੀਬ ਕੁਆਰਟਰ, ਜੋ ਕਿ ਬਹੁਤ ਮਾੜੀ ਹਾਲਤ ਵਿਚ ਸਨ, ਨੂੰ ਢਾਹ ਦਿੱਤਾ ਗਿਆ ਹੈ ਪਰ ਬਾਕੀ ਦੇ ਕੁਆਰਟਰ ਅਜੇ ਵੀ ਉੱਥੇ ਮੌਜੂਦ ਹਨ ਅਤੇ ਰੇਲਵੇ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਇਨ੍ਹਾਂ ਵਿਚ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ।

ਇਸ ਸਬੰਧੀ ਜਦੋਂ ਰੇਲਵੇ ਦੇ ਸਬੰਧਤ ਵਿਭਾਗ ਦੇ ਇੰਚਾਰਜ ਸੰਦੀਪ ਚੌਹਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਈ ਕੁਆਟਰ ਢਾਹੇ ਗਏ ਹਨ ਪਰ ਇਨ੍ਹਾਂ ਕੁਆਰਟਰਾਂ ਨੂੰ ਵੀ ਹੌਲੀ-ਹੌਲੀ ਢਾਹੁਣਾ ਹੈ। ਨਵੇਂ ਕੁਆਰਟਰ ਬਣਦੇ ਹੀ ਇਨ੍ਹਾਂ ਕੁਆਰਟਰਾਂ ’ਚ ਰਹਿੰਦੇ ਮੁਲਾਜ਼ਮਾਂ ਨੂੰ ਨਵੇਂ ਕੁਆਰਟਰਾਂ ’ਚ ਤਬਦੀਲ ਕਰ ਦਿੱਤਾ ਜਾਵੇਗਾ। ਸਰਕਾਰ ਰੇਲਵੇ ਸਟੇਸ਼ਨਾਂ ਦੀ ਨੁਹਾਰ ਬਦਲਣ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੀ ਹੈ।

ਜੇਕਰ ਰੇਲਵੇ ਦੇ ਨਿਯਮਾਂ ਦੀ ਗੱਲ ਕਰੀਏ ਤਾਂ ਰੇਲਵੇ ਦਾ ਪੂਰਾ ਸਿਸਟਮ ਅਤਿ ਸੰਵੇਦਨਸ਼ੀਲ ਸ਼ੇ੍ਰਣੀ ਵਿਚ ਸ਼ਾਮਲ ਹੈ। ਕਈ ਵਾਰ ਰੇਲਵੇ ਕਰਮਚਾਰੀਆਂ ਨੂੰ ਲੰਬੇ ਸਮੇਂ ਤੱਕ ਕੰਮ ਕਰਨਾ ਪੈਂਦਾ ਹੈ, ਜਦਕਿ ਰੇਲਵੇ ਨਿਯਮਾਂ ਅਨੁਸਾਰ ਰੇਲਵੇ ਵਿਚ ਕੰਮ ਕਰਦੇ ਹਰ ਕਰਮਚਾਰੀ ਲਈ ਡਿਊਟੀ ’ਤੇ ਆਉਣ ਤੋਂ ਪਹਿਲਾਂ ਪੂਰਾ ਆਰਾਮ ਕਰਨਾ ਅਤੇ ਸੌਣਾ ਜ਼ਰੂਰੀ ਹੈ, ਤਾਂ ਜੋ ਥਕਾਵਟ ਕਾਰਨ ਕਿਸੇ ਤਰ੍ਹਾਂ ਦੀ ਘਟਨਾ ਨਾ ਵਾਪਰੇ।