ਕੇਂਦਰੀ ਜੇਲ੍ਹ ਵਿਚ ਨਸ਼ੇ ਦੇ ਵਪਾਰ ਤੇ ਬੇਨਿਯਮਾਂ ਬਾਰੇ ਇਕ ਕਥਿਤ ਕੈਦੀ ਦੀ ਕਥਿਤ ਚਿੱਠੀ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਆਪਣੇ ਆਪ ਜੇਲ੍ਹ ਦਾ ਕੈਦੀ ਦੱਸਣ ਵਾਲੇ ਵਲੋਂ ਫੇਸਬੁੱਕ ’ਤੇ ‘ਪੰਜਾਬ ਦੀ ਸਿਆਸਤ’ ਨਾਮਕ ਪੇਜ ਬਣਾ ਕੇ ਚਿੱਠੀ ਪੋਸਟ ਕੀਤੀ ਗਈ ਹੈ। ਕਥਿਤ ਕੈਦੀ ਦਾ ਕਹਿਣਾ ਹੈ ਕਿ ‘‘ਇਸ ਤੋਂ ਅਗਲੀ ਵਾਰ ਜਿਸ ਤਰ੍ਹਾਂ ਲੁਧਿਆਣਾ ਜੇਲ੍ਹ ਵਿਚੋਂ ਵੀਡੀਓ ਆਈ, ਮੈਂ ਲਾਈਵ ਹੋਵਾਂਗਾ ਬਿਨਾ ਦਵਾਈ ਤੋਂ ਮਰਨ ਨਾਲੋਂ ਸਭ ਕੁਛ ਨੰਗਾ ਕਰ ਕੇ ਮਰਾਂਗਾ।’’
ਕਥਿਤ ਕੈਦੀ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਬੀਮਾਰ ਚੱਲ ਰਿਹਾ ਹੈ ਤੇ ਕਿਸੇ ਤਰ੍ਹਾਂ ਦੀ ਕੋਈ ਦਵਾਈ ਨਹੀਂ ਦਿੱਤੀ ਜਾਂਦੀ ਪਰ ਨਿੱਜੀ ਤੌਰ ’ਤੇ ਦੋ ਡਾਕਟਰ ਆਪਣੇ ਕੁਝ ਬੰਦਿਆਂ ਨੂੰ ਨਾਜਾਇਜ਼ ਦਵਾਈਆਂ ਦੇ ਪੱਤੇ ਅਤੇ ਪਰਚੀ ਬਣਾ ਕੇ ਦਿੰਦੇ ਹਨ ਤਾਂ ਜੋ ਬਾਹਰ ਤੋਂ ਵੀ ਮੰਗਵਾ ਲੈਣ। ਚਿੱਠੀ ਅਨੁਸਾਰ ਇਕ ਸਰਕਾਰੀ ਡਾਕਟਰ ਲੰਮੇ ਸਮੇਂ ਤੋਂ ਛੁੱਟੀ ’ਤੇ ਹੈ ਅਤੇ ਪਹਿਲਾਂ ਬਿਨਾਂ ਛੁੱਟੀ ਦੀ ਮਨਜ਼ੂਰੀ ਤੋਂ ਮਾਲਦੀਵ ਅਤੇ ਹੁਣ ਆਸਟੇ੍ਰਲੀਆ ਤੋਂ ਵਾਪਸ ਆਇਆ ਹੈ। ਦੋਸ਼ ਹੈ ਕਿ ਕੈਦੀਆਂ ਤੋਂ ਕਥਿਤ ਉਗਰਾਹੀ ਵੀ ਕੀਤੀ ਜਾਂਦੀ ਹੈ ਤੇ ਆਸਟੇ੍ਰਲੀਆ ਤੋਂ ਜੇਲ੍ਹ ’ਚ ਬੈਠੇ ਕੈਦੀਆਂ ਨਾਲ ਵੀਡੀਓ ਕਾਲ ਵੀ ਕਰਦਾ ਰਿਹਾ ਤੇ ਜਲਦ ਹੀ ਉਹ ਵੀ ਵੀਡਿਓ ਵੀ ਸਾਹਮਣੇ ਲਿਆਂਦੀ ਜਾਵੇਗੀ।
ਕਥਿਤ ਕੈਦੀ ਅਨੁਸਾਰ ਜੇਲ੍ਹ ਵਿਚ ਟਚ ਫੋਨ 20 ਹਜ਼ਾਰ ਰੁਪਏ ਤੇ ਛੋਟਾ ਫੋਨ ਸੱਤ ਹਜ਼ਾਰ ਰੁਪਏ ਵਿਚ ਉਪਲੱਬਧ ਕਰਵਾਇਆ ਜਾਂਦਾ ਹੈ ਤੇ ਸਿਮ ਵੀ ਆਮ ਮਿਲਦਾ ਹੈ, ਹੋ ਸਕਦਾ ਹੈ ਇਹ ਚਿੱਠੀ ਲਿਖਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਕਿਹੜੇ ਫੋਨ ਤੋਂ ਲਿਖੀ ਹੈ। ਕੈਦੀ ਦਾ ਕਹਿਣਾ ਹੈ ਕਿ ਪਟਿਆਲਾ ਦੀ ਕੇਂਦਰੀ ਜੇਲ੍ਹ ਅੰਦਰ ਜੋ ਕੁਝ ਹੋ ਰਿਹਾ ਹੈ, ਇਸ ਤੋਂ ਬਾਅਦ ਲਾਈਵ ਹੋ ਕੇ ਦਸਾਂਗਾ ਜੇਕਰ ਹੁਣ ਵੀ ਕੋਈ ਕਾਰਵਾਈ ਨਾ ਹੋਈ।
ਕੇਂਦਰੀ ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅਕਸਰ ਹੀ ਗੁੰਮਰਾਹ ਕਰਨ ਲਈ ਕੁਝ ਸ਼ਰਾਰਤੀ ਅਨਸਰ ਕਿਤੇ ਵੀ ਬੈਠ ਕੇ ਲੋਕ ਜਾਅਲੀ ਆਈਡੀ ਬਣਾ ਲੈਂਦੇ ਹਨ, ਇਸ ਲਈ ਜ਼ਰੂਰੀ ਨਹੀਂ ਕਿ ਇਹ ਜੇਲ੍ਹ ਅੰਦਰਲੇ ਕੈਦੀ ਵੱਲੋਂ ਬਣਾਈ ਗਈ ਹੋਵੇ। ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਮੋਬਾਈਲ ਫੋਨ ਵਰਤਣਾ ਸੰਭਵ ਹੀ ਨਹੀਂ ਹੈ, ਜੇਲ੍ਹ ਸਟਾਫ ਵੱਲੋਂ ਸਮੇਂ-ਸਮੇਂ ’ਤੇ ਗਸ਼ਤ ਦੇ ਨਾਲ ਤਲਾਸ਼ੀ ਅਭਿਆਨ ਵੀ ਕੀਤੇ ਜਾਂਦੇ ਹਨ। ਚਿੱਠੀ ਵਿਚ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਇਸ ਬਾਰੇ ਸਾਈਬਰ ਸੈੱਲ ਨੂੰ ਪੱਤਰ ਲਿਖ ਕੇ ਜਾਂਚ ਕਰਵਾਈ ਜਾਵੇਗੀ।





