ਕਈ ਦਿਨਾਂ ਤੋਂ ਪੈ ਰਹੀ ਹੱਡ ਚੀਰਵੀਂ ਠੰਢ, ਧੁੰਦ ਅਤੇ ਠੰਢੀਆਂ ਹਵਾਵਾਂ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਪਸ਼ੂ-ਪੰਛੀਆਂ ਦੇ ਨਾਲ-ਨਾਲ ਮਨੁੱਖ ਲਗਾਤਾਰ ਬਿਮਾਰ ਹੋ ਰਹੇ ਹਨ। ਠੰਢ ਨੇ ਪਸ਼ੂ ਪਾਲਕਾਂ ਦੀਆਂ ਮੁਸ਼ਕਲਾਂ ਬਹੁਤ ਵਧਾ ਦਿੱਤੀਆਂ ਹਨ। ਕੜਾਕੇ ਦੀ ਠੰਢ ਕਾਰਨ ਪਸ਼ੂਆਂ ਦੀ ਦੁੱਧ ਦੇਣ ਦੀ ਸਮਰੱਥਾ 20 ਫ਼ੀਸਦੀ ਤਕ ਘੱਟ ਗਈ ਹੈ। ਸਰਦੀਆਂ ਦੇ ਮੌਸਮ ਵਿਚ ਪਸ਼ੂਆਂ ਨੂੰ ਮੁੱਖ ਚਾਰੇ ਵਜੋਂ ਵਰਤੀ ਜਾਣ ਵਾਲ ਬਰਸੀਮ ਦੀ ਫ਼ਸਲ ਵੀ ਵਧ-ਫੁੱਲ ਨਹੀਂ ਰਹੀ। ਇਸ ਤੋਂ ਇਲਾਵਾ ਇਹ ਠੰਢ ਤੇ ਧੁੰਦ ਦੋਧੀਆਂ ਲਈ ਵੀ ਵੱਡੀ ਮੁਸੀਬਤ ਬਣੀ ਹੋਈ ਹੈ ਕਿਉਕਿ ਇਸ ਮੌਸਮ ਵਿਚ ਸਵੇਰੇ ਜਲਦੀ ਉੱਠ ਕੇ ਸ਼ਹਿਰਾਂ ਵਿਚ ਦੁੱਧ ਪਾਉਣ ਜਾਣਾ ਦੋਧੀਆਂ ਲਈ ਬਹੁਤ ਔਖਾ ਹੋ ਗਿਆ ਹੈ ਕਿਉਂਕਿ ਧੁੰਦ ਕਾਰਨ ਸੜਕਾਂ ’ਤੇ ਵਿਜੀਬਿਲਟੀ ਜ਼ੀਰੋ ਦੇ ਬਰਾਬਰ ਹੈ।

ਪਿ੍ਰੰਸੀਪਲ ਡਾ. ਬਿਮਲ ਸ਼ਰਮਾ ਨੇ ਦੱਸਿਆ ਕਿ ਪਸ਼ੂ ਪਾਲਕਾਂ ਦੀਆਂ ਠੰਢ ਕਾਰਨ ਮੁਸ਼ਕਲਾਂ ਕਾਫੀ ਵਧ ਗਈਆਂ ਹਨ। ਠੰਢ ਕਾਰਨ ਪਸ਼ੂ ਕਰੀਬ 20 ਫੀਸਦੀ ਘੱਟ ਦੁੱਧ ਦੇ ਰਹੇ ਹਨ। ਪਸ਼ੂ ਪਾਲਕਾਂ ਕਿਰਨਪਾਲ ਸਿੰਘ, ਸੁਨੀਲ, ਪਰਮਜੀਤ ਸਿੰਘ ਢੀਂਡਸਾ ਫਾਰਮ, ਗੁਰਧਿਆਨ ਸਿੰਘ, ਮੇਜਰ ਸਿੰਘ ਅਤੇ ਅਮਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਿਹੜੀ ਗਊ ਪਹਿਲਾਂ 20-25 ਕਿੱਲੋ ਦੁੱਧ ਪ੍ਰਤੀ ਦਿਨ ਦਿੰਦੀ ਸੀ, ਹੁਣ 15-18 ਕਿੱਲੋ ਹੀ ਦੇ ਰਹੀ ਹੈ। ਇਸੇ ਤਰ੍ਹਾਂ ਜਿਹੜੀ ਮੱਝ ਪ੍ਰਤੀ ਦਿਨ 12-14 ਕਿੱਲੋ ਦੁੱਧ ਦਿੰਦੀ ਸੀ, ਹੁਣ 8-10 ਕਿੱਲੋ ਪ੍ਰਤੀ ਦਿਨ ਦੇ ਰਹੀ ਹੈ।

ਧੁੱਪ ਨਾ ਨਿਕਲਣ ਕਾਰਨ ਪਸ਼ੂਆਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਅਤੇ ਦਿਨ-ਰਾਤ ਪਸ਼ੂ ਇਕ ਜਗ੍ਹਾ ’ਤੇ ਹੀ ਖੜ੍ਹੇ ਰਹਿੰਦੇ ਹਨ ਜਿਸ ਕਾਰਨ ਪਸ਼ੂਆਂ ਥੱਲੇ ਫ਼ਰਸ਼ ਗਿੱਲਾ ਰਹਿੰਦਾ ਹੈ। ਪਸ਼ੂ ਪਾਲਕਾਂ ਵੱਲੋਂ ਪਰਾਲੀ ਬਗ਼ੈਰਾ ਦੀ ਸੁੱਕ ਤਾਂ ਵਿਛਾਈ ਜਾ ਰਹੀ ਹੈ ਪ੍ਰੰਤੂ ਇਹ ਫਿਰ ਵੀ ਨਾਕਾਫ਼ੀ ਹੈ। ਪਸ਼ੂਆਂ ਨੂੰ ਕੰਬਲਾਂ (ਝੁਲਾਂ) ਨਾਲ ਢੱਕਣਾ ਪੈ ਰਿਹਾ ਹੈ ਅਤੇ ਅੱਗ ਬਾਲ ਕੇ ਪਸ਼ੂਆਂ ਨੂੰ ਠੰਢ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਛੋਟੀ ਉਮਰ ਦੇ ਕੱਟੇ/ਵੱਛੇ ਨਮੋਨੀਆ ਤੇ ਡਾਇਰੀਆ ਦਾ ਸ਼ਿਕਾਰ ਹੋ ਰਹੇ ਹਨ ਅਤੇ ਵੱਡੇ ਪਸ਼ੂ ਵੀ ਆਮ ਨਾਲੋਂ ਵਧੇਰੇ ਬਿਮਾਰ ਹੋ ਰਹੇ ਹਨ। ਇਹੀ ਕਾਰਨ ਹੈ ਕਿ ਪਸ਼ੂ ਕਰੀਬ 20 ਫੀਸਦੀ ਘੱਟ ਦੁੱਧ ਦੇਣ ਲੱਗੇ ਹਨ।