ਮਹਿੰਗੇ ਲਗਜ਼ਰੀ ਵਾਹਨਾਂ ’ਚ ਹੰਗਾਮਾ ਕਰਨ ਤੇ ਵਿਦਾਇਗੀ ਪਾਰਟੀ ਦੇ ਨਾਂ ’ਤੇ ਸੜਕਾਂ ’ਤੇ ਪਟਾਕੇ ਚਲਾਉਣ ਦੇ ਮਾਮਲੇ 'ਚ ਟ੍ਰੈਫਿਕ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ। ਪੁਲਿਸ ਨੇ ਪੰਜ ਸਕੂਲਾਂ ਨੂੰ ਨੋਟਿਸ ਭੇਜੇ ਹਨ ਜਿੱਥੇ ਉਹ ਵਿਦਿਆਰਥੀ ਹਨ। ਹਾਲਾਂਕਿ ਸਾਰੇ ਸਕੂਲ ਮੁਕਰ ਗਏ ਹਨ ਪਰ ਪੁਲਿਸ ਵਾਹਨਾਂ ਦੇ ਨੰਬਰਾਂ ਦੇ ਆਧਾਰ ’ਤੇ ਕਾਰਵਾਈ ਕਰੇਗੀ। ਦੱਸ ਦੇਈਏ ਕਿ ਪੁਲਿਸ ਨੂੰ 6 ਅਜਿਹੇ ਵੀਡੀਓ ਮਿਲੇ ਹਨ, ਜਿਨ੍ਹਾਂ ’ਚ ਸਕੂਲੀ ਵਿਦਿਆਰਥੀ ਵਾਹਨਾਂ ’ਚੋਂ ਉਤਰ ਕੇ ਹੰਗਾਮਾ ਕਰਦੇ ਨਜ਼ਰ ਆ ਰਹੇ ਹਨ। ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਇੰਸਟਾਗ੍ਰਾਮ ’ਤੇ ਵੀਡੀਓ ਬਣਾਈ ਗਈ, ਜਿਸ ਵਿੱਚ 100 ਤੋਂ 150 ਵਾਹਨਾਂ ਦੇ ਕਾਫਲੇ ਸਾਊਥ ਸਿਟੀ ਇਲਾਕੇ 'ਚ ਘੁੰਮਦੇ ਦੇਖੇ ਗਏ। ਇਸ ਦੇ ਨਾਲ ਹੀ ਉਕਤ ਵੀਡੀਓ ’ਚ ਵਿਦਿਆਰਥੀ ਕਾਰ ਦੀਆਂ ਖਿੜਕੀਆਂ ਅਤੇ ਸਨਰੂਫ ’ਚੋਂ ਬਾਹਰ ਨਿਕਲ ਕੇ ਹੰਗਾਮਾ ਕਰਦੇ ਨਜ਼ਰ ਆ ਰਹੇ ਹਨ। ਜਦੋਂ ਪੁਲਿਸ ਨੂੰ ਇੰਟਰਨੈੱਟ ਮੀਡੀਆ ਤੋਂ ਸਕੂਲਾਂ ਦੇ ਨਾਵਾਂ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਪੰਜ ਸਕੂਲਾਂ ਨੂੰ ਨੋਟਿਸ ਭੇਜੇ। ਇਨ੍ਹਾਂ ਵਿੱਚੋਂ ਦੋ ਸਕੂਲ ਸਰਾਭਾ ਨਗਰ ਦੇ ਵੱਡੇ ਸਕੂਲ, ਇੱਕ ਸਕੂਲ ਸ਼ਾਸਤਰੀ ਨਗਰ ਦਾ ਅਤੇ ਬਾਕੀ ਦੋ ਸਕੂਲ ਹੋਰ ਹਨ।

ਪੁਲਿਸ ਨੇ ਉਨ੍ਹਾਂ ਸਾਰੇ ਸਕੂਲਾਂ ਨੂੰ ਨੋਟਿਸ ਭੇਜੇ ਸਨ। ਇਨ੍ਹਾਂ ਵਿੱਚੋਂ ਤਿੰਨ ਸਕੂਲਾਂ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ। ਬੱਚੇ ਸਕੂਲ ਵਿਚ ਵਾਹਨ ਨਹੀਂ ਲੈ ਕੇ ਆਏ, ਬੱਚਿਆਂ ਨੇ ਆਪਣੇ ਪੱਧਰ ’ਤੇ ਇਹ ਪਾਰਟੀ ਕਿਤੇ ਬਾਹਰ ਰੱਖੀ ਹੋਵੇਗੀ। ਪੁਲਿਸ ਹੁਣ ਸੇਫ਼ ਸਿਟੀ ਕੈਮਰਿਆਂ ਦੀ ਮਦਦ ਨਾਲ ਆਪਣੇ ਨੰਬਰਾਂ ਰਾਹੀਂ ਵਾਹਨਾਂ ਦੀ ਪਛਾਣ ਕਰ ਰਹੀ ਹੈ। ਜਿਸ ਤੋਂ ਬਾਅਦ ਉਨ੍ਹਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾਣੀ ਹੈ। ਅਸੀਂ ਸਕੂਲਾਂ ਨੂੰ ਨੋਟਿਸ ਭੇਜੇ ਹਨ ਅਤੇ ਹੁਣ ਵਾਹਨਾਂ ਦੀ ਪਛਾਣ ਕਰ ਕੇ ਉਨ੍ਹਾਂ ਦੇ ਚਲਾਨ ਕੱਟੇ ਜਾਣਗੇ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ ਅਤੇ ਬੱਚਿਆਂ ਦੇ ਪਰਿਵਾਰਾਂ ਨੂੰ ਵਾਹਨ ਨਾ ਦੇਣ ਦੀ ਅਪੀਲ ਕੀਤੀ ਗਈ ਹੈ।