ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਅੰਬਾਲਾ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਸ੍ਰੀ ਮੰਜੀ ਸਾਹਿਬ ਤੇ ਸ੍ਰੀ ਪੰਜੋਖਰਾ ਸਾਹਿਬ ਵਿਖੇ ਪੁਲਿਸ ਵਾੜ ਕੇ ਮਰਿਆਦਾ ਦੀ ਉਲੰਘਣਾ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।ਧਾਮੀ ਨੇ ਕਿਹਾ ਕਿ ਹਰਿਆਣਾ ਦੀ ਸੰਗਤ ਵੱਲੋਂ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਸ਼ੰਭੂ ਬਾਰਡਰ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਸੱਦੀ ਗਈ ਪੁਲਿਸ ਨੂੰ ਇਨ੍ਹਾਂ ਗੁਰੂ ਘਰਾਂ ਦੀਆਂ ਸਰਾਵਾਂ ਵਿਚ ਰਿਹਾਇਸ਼ ਦਾ ਪ੍ਰਬੰਧ ਕਰ ਕੇ ਦਿੱਤਾ ਗਿਆ ਹੈ। ਸੰਗਤ ਵੱਲੋਂ ਸ਼ਿਕਾਇਤਾਂ ਪੁੱਜੀਆਂ ਹਨ ਕਿ ਪੁਲਿਸ ਅਧਿਕਾਰੀਆਂ ਨੇ ਸਰਾਵਾਂ ’ਚ ਸ਼ਰਾਬ, ਤੰਬਾਕੂ ਆਦਿ ਨਸ਼ਿਆਂ ਦਾ ਸੇਵਨ ਕੀਤਾ ਹੈ ਜੋ ਕਿ ਮੌਕੇ ਤੋਂ ਬਰਾਮਦ ਵੀ ਕੀਤੇ ਗਏ ਹਨ।
ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸੰਗਤ ਦਾ ਖ਼ਦਸ਼ਾ ਸਹੀ ਸਾਬਤ ਹੋ ਰਿਹਾ ਹੈ ਅਤੇ ਸਰਕਾਰ ਆਪਣੇ ਵੱਲੋਂ ਨਾਮਜ਼ਦ ਕਮੇਟੀ ਨੂੰ ਪ੍ਰਭਾਵਿਤ ਕਰ ਕੇ ਗੁਰੂ ਘਰਾਂ ਅੰਦਰ ਮਨਮਰਜ਼ੀ ਕਰਦਿਆਂ ਪਾਵਨ ਮਰਿਆਦਾ ਦੀ ਉਲੰਘਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਤੋੜ ਕੇ ਸਰਕਾਰ ਵੱਲੋਂ ਜਬਰੀ ਹਰਿਆਣਾ ਗੁਰਦੁਆਰਾ ਕਮੇਟੀ ਬਣਾਈ ਜਾ ਰਹੀ ਸੀ ਤਾਂ ਉਸ ਸਮੇਂ ਅਜਿਹੀਆਂ ਹੀ ਮਰਿਆਦਾ ਦੇ ਉਲਟ ਅਤੇ ਆਪਹੁਦਰੀ ਕਾਰਵਾਈਆਂ ਦੀ ਸੰਭਾਵਨਾ ਦੇ ਮੱਦੇਨਜ਼ਰ ਹੀ ਸਿੱਖ ਜਗਤ ਨੇ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਕਮੇਟੀ ਵੱਲੋਂ ਗੁਰੂ ਘਰਾਂ ਅੰਦਰ ਪੁਲਿਸ ਵਾੜਨ ਅਤੇ ਪੁਲਿਸ ਵੱਲੋਂ ਸਰਾਵਾਂ ਅੰਦਰ ਸ਼ਰਾਬ ਤੇ ਤੰਬਾਕੂ ਦੀ ਵਰਤੋਂ ਕਾਰਨ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਗਈ ਹੈ। ਸਿੱਖ ਕੌਮ ਹਮੇਸ਼ਾ ਗੁਰੂ ਘਰਾਂ ਨੂੰ ਸਰਕਾਰੀ ਦਖ਼ਲਅੰਦਾਜ਼ੀ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰਦੀ ਰਹੀ ਹੈ ਅਤੇ ਜੇ ਗੁਰਦੁਆਰਾ ਕਮੇਟੀਆਂ ਖੁਦ ਹੀ ਉਲੰਘਣਾ ਕਰਨ ਲੱਗ ਜਾਣਗੀਆਂ ਤਾਂ ਮਰਿਆਦਾ ਦੀ ਰਖਵਾਲੀ ਕੌਣ ਕਰੇਗਾ।





