ਪਿਛਲੀਆਂ ਲੋਕ ਸਭਾ ਚੋਣਾਂ ’ਚ ਦੋ ਲੱਖ ਤੋਂ ਵੱਧ ਵੋਟਾਂ ਹਾਸਲ ਕਰ ਕੇ ਵੱਡੀਆਂ ਸਿਆਸੀ ਪਾਰਟੀਆਂ ਨੂੰ ਹੈਰਾਨ ਕਰਨ ਵਾਲੇ ਐਡਵੋਕੇਟ ਬਲਵਿੰਦਰ ਕੁਮਾਰ ਇਕ ਵਾਰ ਫਿਰ ਚੋਣ ਮੈਦਾਨ ’ਚ ਹਨ। ਬਹੁਜਨ ਸਮਾਜ ਪਾਰਟੀ (ਬਸਪਾ) ਨੇ ਜਲੰਧਰ ਲੋਕ ਸਭਾ ਹਲਕੇ ਤੋਂ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਬਸਪਾ ਹਾਈਕਮਾਂਡ ਨੇ ਐਡਵੋਕੇਟ ਬਲਵਿੰਦਰ ਕੁਮਾਰ ’ਤੇ ਲਗਾਤਾਰ ਚੌਥੀ ਵਾਰ ਭਰੋਸਾ ਜਤਾਇਆ ਹੈ। ਇਸ ਤੋਂ ਪਹਿਲਾਂ ਉਹ ਬਸਪਾ ਦੀ ਟਿਕਟ ’ਤੇ ਦੋ ਵਾਰ ਵਿਧਾਨ ਸਭਾ ਤੇ ਇਕ ਵਾਰ ਸੰਸਦੀ ਚੋਣ ਲੜ ਚੁੱਕੇ ਹਨ। ਇਸ ਸਮੇਂ ਉਹ ਬਸਪਾ ਪੰਜਾਬ ਦੇ ਜਨਰਲ ਸਕੱਤਰ ਦੇ ਅਹੁਦੇ ’ਤੇ ਕੰਮ ਕਰ ਰਹੇ ਹਨ। ਜਦੋਂ ਐਡਵੋਕੇਟ ਬਲਵਿੰਦਰ ਕੁਮਾਰ 2017 ’ਚ ਕਰਤਾਰਪੁਰ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਵਜੋਂ ਸਿਆਸੀ ਮੈਦਾਨ ’ਚ ਉਤਰੇ ਤਾਂ ਉਨ੍ਹਾਂ ਨੂੰ ਅਨਾੜੀ ਕਰਾਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਲਗਪਗ 5,208 ਵੋਟਾਂ ਮਿਲੀਆਂ।

ਉਦੋਂ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਸਿਰਫ਼ ਦੋ ਸਾਲ ਬਾਅਦ 2019 ’ਚ ਆਪਣੀ ਪਾਰਟੀ ਲਈ 2,04,783 ਵੋਟ ਤੇ ਜਲੰਧਰ ’ਚ 20.1 ਫੀਸਦੀ ਦੀ ਸਭ ਤੋਂ ਵੱਧ ਵੋਟ ਸ਼ੇਅਰ ਹਾਸਲ ਕਰ ਕੇ ਆਪਣੀ ਪਾਰਟੀ ਲਈ ਇਤਿਹਾਸ ਰਚਣਗੇ। ਗੈਰ-ਸਿਆਸੀ ਪਿਛੋਕੜ ਤੋਂ ਨਿਕਲੇ ਐਡਵੋਕੇਟ ਬਲਵਿੰਦਰ ਕੁਮਾਰ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ ਵੋਟਾਂ ਹਾਸਲ ਕਰਕੇ ਬਸਪਾ ਲਈ ਨਵਾਂ ਰਿਕਾਰਡ ਤਾਂ ਬਣਾਇਆ ਹੀ, ਸਗੋਂ ਜਲੰਧਰ ਦੇ ਘੱਟੋ-ਘੱਟ ਪੰਜ ਵਿਧਾਨ ਸਭਾ ਹਲਕਿਆਂ ਦੇ ਤਤਕਾਲੀ ਵਿਧਾਇਕਾਂ ਦੀ ਨੀਂਦ ਉੜਾ ਦਿੱਤੀ ਸੀ ਤੇ ਉਨ੍ਹਾਂ ਨੂੰ ਝਟਕਾ ਦਿੰਦੇ ਹੋਏ ਉਨ੍ਹਾਂ ਦੇ ਹਲਕੇ ’ ਚ ਆਪਣੀ ਜ਼ਬਰਦਸਤ ਉਪਸਥਿਤੀ ਦਰਜ ਕਰਵਾਈ।

ਸਭ ਤੋਂ ਵੱਡਾ ਝਟਕਾ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਅਕਾਲੀ ਦਲ ਦੇ ਤਤਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਨੂੰ ਲੱਗਿਆ ਸੀ, ਜਿੱਥੇ ਬਲਵਿੰਦਰ ਨੇ ਸਭ ਤੋਂ ਵੱਧ 39472 ਵੋਟਾਂ ਲਈਆਂ ਸਨ। ਇਸ ਹਲਕੇ ’ਚ ਬਸਪਾ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ 5405 ਵੋਟਾਂ ਦੇ ਮੁਕਾਬਲੇ ਤਕਰੀਬਨ 34000 ਵੋਟਾਂ ਦਾ ਵਾਧਾ ਕੀਤਾ ਸੀ। ਬਲਵਿੰਦਰ ਨੇ ਦੂਜਾ ਝਟਕਾ ਕਰਤਾਰਪੁਰ ਦੇ ਤਤਕਾਲੀ ਕਾਂਗਰਸੀ ਵਿਧਾਇਕ ਸੁਰਿੰਦਰ ਚੌਧਰੀ ਨੂੰ ਦਿੱਤਾ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਲਵਿੰਦਰ ਨੇ ਖੁਦ 5208 ਵੋਟਾਂ ਹਾਸਲ ਕੀਤੀਆਂ ਸਨ, ਪਰ 2019 ’ਚ ਉਸ ਨੇ 26000 ਵੋਟਾਂ ਦਾ ਵਾਧਾ ਕਰਦੇ ਹੋਏ ਛੇ ਗੁਣਾ ਸੁਧਾਰ ਨਾਲ 31047 ਵੋਟਾਂ ਹਾਸਲ ਕੀਤੀਆਂ। ਇਸੇ ਤਰ੍ਹਾਂ ਫਿਲੌਰ ’ਚ 15 ਹਜ਼ਾਰ ਦੇ ਕਰੀਬ, ਨਕੋਦਰ ’ਚ 18 ਹਜ਼ਾਰ, ਕੈਂਟ ’ਚ 15 ਹਜ਼ਾਰ, ਸ਼ਾਹਕੋਟ ’ਚ ਛੇ ਹਜ਼ਾਰ, ਸੈਂਟਰਲ ’ਚ ਸਾਢੇ ਅੱਠ ਹਜ਼ਾਰ ਤੇ ਉੱਤਰੀ ’ਚ ਸਾਢੇ 10 ਹਜ਼ਾਰ ਦੇ ਕਰੀਬ ਵੋਟਾਂ ਵਿਧਾਨ ਸਭਾ ਚੋਣਾਂ ਤੋਂ ਜ਼Çਆਦਾ ਪਾਰਟੀ ਲਈ ਜੋੜਈਆਂ ਸੀ।

ਲੋਕ ਸਭਾ ਚੋਣਾਂ 2014 ’ਚ, ਬਸਪਾ ਦੇ ਜਲੰਧਰ ਤੋਂ ਉਮੀਦਵਾਰ ਸੁਖਵਿੰਦਰ ਕੋਟਲੀ, ਜੋ ਹੁਣ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਹਨ, ਨੂੰ ਸਿਰਫ਼ 47,000 ਵੋਟਾਂ ਮਿਲੀਆਂ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਐਡਵੋਕੇਟ ਬਲਵਿੰਦਰ ਕੁਮਾਰ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ 34000 ਦੇ ਕਰੀਬ ਵੋਟਾਂ ਲੈ ਕੇ ਕਾਮਯਾਬ ਰਹੇ ਸਨ। ਜਲੰਧਰ ਦੀਆਂ ਸਿਆਸੀ ਤੇ ਗੈਰ-ਸਿਆਸੀ ਗਤੀਵਿਧੀਆਂ ’ਚ ਬਹੁਤ ਸਰਗਰਮ ਰਹਿਣ ਵਾਲੇ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਸ਼ਹਿਰੀ ਖੇਤਰ ਦੇ ਮੱਧ ਵਰਗ ਵਰਗ ਦੀ ਨੁਮਾਇੰਦਗੀ ਵੀ ਕਰਦੇ ਹੋਏ ਦੇਖਿਆ ਜਾ ਰਿਹਾ ਹੈ।

ਉਹ ਸਿਆਸੀ ਵਿਰੋਧੀਆਂ ਨੂੰ ਘੇਰ ਰਿਹਾ ਹੈ। ਉਹ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰ ਰਹੇ ਹਨ ਤੇ ਪੋਸਟ ਮੈਟ੍ਰਿਕ ਸਕਾਲਰਸ਼ਪਿ ਸਕੀਮ ਨੂੰ ਲਾਗੂ ਕਰਵਾਉਣ ਲਈ ਲਗਾਤਾਰ ਸੰਘਰਸ਼ੀਲ ਰਹੇ ਹਨ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਹ ਰਾਜਨੀਤੀ ਕਰਨ ਲਈ ਨਹੀਂ ਸਗੋਂ ਸਮਾਜ ਦੇ ਸਾਰੇ ਵਰਗਾਂ ਨੂੰ ਸਰਕਾਰੀ ਨੌਕਰੀਆਂ ਠੁਕਰਾ ਕੇ ਉਨ੍ਹਾਂ ਦੇ ਹੱਕ ਦਿਵਾਉਣ ਦੇ ਵਿਚਾਰ ਨਾਲ ਰਾਜਨੀਤੀ ’ਚ ਆਏ ਸਨ। ਉਨ੍ਹਾਂ ਕਿਹਾ ਕਿ ਸੰਘਰਸ਼ ਜਾਰੀ ਹੈ ਤੇ ਲੋਕ ਉਨ੍ਹਾਂ ਦੇ ਨਾਲ ਹਨ।