ਉੱਤਰਾਖੰਡ ਦੇ ਜੋਸ਼ੀਮੱਠ ਦੀ ਤਰ੍ਹਾਂ ਜੰਮੂ ਡਵੀਜ਼ਨ ਦੇ ਰਾਮਬਨ ਜ਼ਿਲ੍ਹੇ ਦੇ ਇਕ ਪਿੰਡ ’ਚ ਵੀ ਜ਼ਮੀਨ ਲਗਾਤਾਰ ਧਸ ਰਹੀ ਹੈ। 48 ਘੰਟਿਆਂ ਤੋਂ ਜ਼ਿਆਦਾ ਸਮੇਂ ਤੋਂ ਜ਼ਮੀਨ ਧਸਣ ਨਾਲ ਕਰੀਬ 56 ਮਕਾਨ ਨੁਕਸਾਨੇ ਜਾ ਚੁੱਕੇ ਹਨ। ਸੜਕਾਂ ’ਤੇ ਵੱਡੀਆਂ-ਵੱਡੀਆਂ ਤਰੇੜਾਂ ਆ ਗਈਆਂ ਹਨ। ਬਿਜਲੀ ਵਿਭਾਗ ਦਾ ਰਿਸੀਵਿੰਗ ਸਟੇਸ਼ਨ ਤੇ 220 ਕੇਵੀ ਦੇ ਚਾਰ ਟਾਵਰ ਵੀ ਜ਼ੱਦ ’ਚ ਆਏ ਹਨ। ਭੌਂ ਵਿਗਿਆਨੀਆਂ ਨੇ ਪਿੰਡ ’ਚ ਪੁੱਜ ਕੇ ਮਿੱਟੀ ਦੇ ਨਮੂਨੇ ਲਏ ਤੇ ਜ਼ਮੀਨ ਧਸਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ, ਟੀਮ ਨੇ ਪ੍ਰਸ਼ਾਸਨ ਨੂੰ ਪ੍ਰਭਾਵਿਤ ਹਿੱਸੇ ’ਚ ਮਨੁੱਖੀ ਦਖ਼ਲ ਨਾ ਦੇਣ ਦਾ ਸੁਝਾਅ ਦਿੱਤਾ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਪ੍ਰਭਾਵਿਤ ਕਰੀਬ ਡੇਢ ਕਿੱਲੋਮੀਟਰ ਖੇਤਰ ਨੂੰ ਰੈੱਡ ਜ਼ੋਨ ਐਲਾਨ ਦਿੱਤਾ ਹੈ। ਨਾਲ ਹੀ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ ਦਾ ਕੈਂਪ ਆਫਿਸਰ ਵੀ ਪਿੰਡ ’ਚ ਸਥਾਪਤ ਕਰ ਦਿੱਤਾ ਗਿਆ ਹੈ। ਰਾਮਬਨ ਦੇ ਡੀਸੀ ਤੇ ਹੋਰ ਅਧਿਕਾਰੀ ਟੈਂਟ ਲਾ ਕੇ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ। ਹੁਣ ਤੱਕ 100 ਪਰਿਵਾਰਾਂ ਨੂੰ ਪ੍ਰਸ਼ਾਸਨ ਸੁਰੱਖਿਆ ਥਾਵਾਂ ’ਤੇ ਸ਼ਿਫਟ ਕਰ ਚੁੱਕਾ ਹੈ। ਮੀਂਹ ਕਾਰਨ ਰਾਹਤ ਤੇ ਮੁੜ ਵਸੇਬਾ ਕੰਮ ’ਚ ਮੁਸ਼ਕਲ ਆ ਰਹੀ ਹੈ। ਦੱਸਣਯੋਗ ਹੈ ਕਿ ਜੋਸ਼ੀਮੱਠ ਤ੍ਰਾਸਦੀ ਦੀ ਰਿਪੋਰਟ ’ਚ ਕੁਦਰਤੀ ਢਾਂਚੇ ਨਾਲ ਹੋਈ ਛੇੜਛਾੜ ਨੂੰ ਵੱਡਾ ਕਾਰਨ ਮੰਨਿਆ ਗਿਆ ਸੀ।

ਰਾਮਬਨ-ਗੂਲ ਮਾਰਗ ’ਤੇ ਪਰਨੋਤ ਦੀਆਂ ਦੋ ਪੰਚਾਇਤਾਂ ਸਥਿਤ ਹਨ। ਪਰਨੋਤ-ਏ ਤੇ ਬੀ। ਪਰਨੋਤ-ਏ ਪੰਚਾਇਤ ’ਚ ਜ਼ਮੀਨ ਧਮੀ ਹੈ। ਇਸ ਨਾਲ ਕਰੀਬ ਤਿੰਨ ਤੋਂ ਚਾਰ ਕਿੱਲੋਮੀਟਰ ਦਾ ਖੇਤਰ ਪ੍ਰਭਾਵਿਤ ਹੋਇਆ ਹੈ, ਜਦਕਿ ਡੇਢ ਕਿੱਲੋਮੀਟਰ ਖੇਤਰ ਪੂਰੀ ਤਰ੍ਹਾਂ ਧਸਿਆ ਹੋਇਆ ਹੈ। ਵੀਰਵਾਰ ਦੇਰ ਸ਼ਾਮ ਨੂੰ ਜ਼ਮੀਨ ਧਸਣੀ ਸ਼ੁਰੂ ਹੋਈ ਸੀ। ਦੇਖਦਿਆਂ ਹੀ ਦੇਖਦਿਆਂ ਕਈ ਮਕਾਨ ਮਲਬੇ ’ਚ ਤਬਦੀਲ ਹੋ ਗਏ ਤੇ ਕਈਆਂ ’ਚ ਵੱਡੀਆਂ-ਵੱਡੀਆਂ ਤਰੇੜਾਂ ਆ ਗਈਆਂ। ਇਸ ਨਾਲ ਪੂਰੇ ਖੇਤਰ ’ਚ ਦਹਿਸ਼ਤ ਦਾ ਮਾਹੌਲ ਹੈ। ਰਾਮਬਨ-ਗੂਲ ਮਾਰਗ ’ਤੇ ਸੜਕ 10 ਤੋਂ ਕਿੱਲੋਮੀਟਰ ਤੱਕ ਧਸ ਚੁੱਕੀ ਹੈ ਤੇ ਹਾਲੇ ਵੀ ਧਸਣੀ ਜਾਰੀ ਹੈ, ਅਜਿਹੇ ’ਚ ਮੁੱਖ ਸੜਕ ’ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਐੱਨਡੀਆਰਐੱਫ ਨੇ ਜਾਂਚ ਅਧਿਕਾਰੀਆਂ ਸਮੇਤ 29 ਲੋਕਾਂ ਦੀ ਟੀਮ ਸ਼ੁੁੱਕਰਵਾਰ ਤੋਂ ਪਰਨੋਤ ’ਚ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ। ਪੁਲਿਸ, ਪ੍ਰਸ਼ਾਸਨ ਸਮੇਤ ਹੋਰ ਏਜੰਸੀਆਂ ਵੀ ਹਰੇਕ ਸਥਿਤੀ ਨਜਿੱਠਣ ਲਈ ਤਿਆਰ ਹੈ। ਇਸ ਵਿਚਾਲੇ, ਜੰਮੂ ਦੇ ਮੰਡਲ ਕਮਿਸ਼ਨਰ ਦੇ ਨਿਰਦੇਸ਼ ’ਤੇ ਜਿਓਲਾਜੀ ਐਂਡ ਮਾਈਨਿੰਗ ਵਿਭਾਗ ਦੀ ਟੀਮ ਪਰਨੋਤ ਪੁੱਜੀ। ਟੀਮ ਨੇ ਪ੍ਰਭਾਵਿਤ ਹਿੱਸਿਆਂ ਦਾ ਦੌਰਾ ਕਰ ਕੇ ਮਿੱਟੀ ਦੇ ਸੈਂਪਲ ਲਏ।