ਬਸੰਤ ਰੁੱਤ ਦੀ ਮੱਕੀ ਬੀਜਣ ਪ੍ਰਤੀ ਸੂਬੇ ਦੇ ਕਿਸਾਨਾਂ ’ਚ ਲਗਾਤਾਰ ਰੁਝਾਨ ਵਧ ਰਿਹਾ ਹੈ ਹਾਲਾਂਕਿ ਖੇਤੀਬਾੜੀ ਵਿਭਾਗ ਇਸ ਦੀ ਬਿਜਾਈ ਲਈ ਸਿਫ਼ਾਰਸ਼ ਨਹੀਂ ਕਰਦਾ। ਇਸ ਦਾ ਮੁੱਖ ਕਾਰਨ ਹੈ ਕਿ ਬਸੰਤ ਰੁੱਤ ਦੀ ਮੱਕੀ ਨੂੰ ਪਾਣੀ ਦੀ ਬਹੁਤ ਲੋੜ ਪੈਂਦੀ ਹੈ ਅਤੇ ਖਰੀਫ਼ ਰੁੱਤ ਦੀ ਮੱਕੀ ਦੇ ਮੁਕਾਬਲੇ ਇਹ ਕਈ ਗੁਣਾ ਵੱਧ ਪਾਣੀ ਲੈਂਦੀ ਹੈ। ਇਸ ਦੇ ਬਾਵਜੂਦ ਕਿਸਾਨਾਂ ਨੇ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਵੱਡੇ ਪੱਧਰ ’ਤੇ ਬਸੰਤ ਰੁੱਤ ਦੀ ਮੱਕੀ ਬੀਜੀ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅੰਕੜਿਆ ਮੁਤਾਬਕ ਪਿਛਲੇ ਸਾਲ ਪੰਜਾਬ ’ਚ 61.21 ਲੱਖ ਹੈਕਟੇਅਰ ਰਕਬੇ ’ਚ ਬਸੰਤ ਰੁੱਤ ਦੀ ਮੱਕੀ ਬੀਜੀ ਗਈ ਸੀ ਜਦੋਂਕਿ ਇਸ ਸਾਲ 90.35 ਲੱਖ ਹੈਕਟੇਅਰ ਰਕਬੇ ’ਚ ਇਸ ਦੀ ਬਿਜਾਈ ਹੋਈ ਹੈ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 28.14 ਲੱਖ ਹੈਕਟੇਅਰ ਵੱਧ ਰਕਬੇ ’ਚ ਇਸ ਦੀ ਬਿਜਾਈ ਹੋਈ ਹੈ।

ਖੇਤੀਬਾੜੀ ਵਿਭਾਗ ਦੇ ਅਧਿਕਾਰੀਆ ਮੁਤਾਬਕ ਬਸੰਤ ਰੁੱਤ ਦੀ ਮੱਕੀ ਨੂੰ ਹਰ ਹਫ਼ਤੇ ਪਾਣੀ ਦੀ ਲੋੜ ਪੈਂਦੀ ਹੈ ਕਿਉਂਕਿ ਇਸ ਦੀ ਬਿਜਾਈ ਫਰਵਰੀ-ਮਾਰਚ ’ਚ ਕੀਤੀ ਜਾਂਦੀ ਹੈ ਤੇ ਕਟਾਈ ਜੂਨ ਮਹੀਨੇ ਹੁੰਦੀ ਹੈ। ਮਈ ਮਹੀਨੇ ’ਚ ਮੱਕੀ ਨਿੱਸਰ ਜਾਂਦੀ ਹੈ ਤੇ ਇਸ ਦੀਆਂ ਛੱਲੀਆਂ ਪੈਣ ਲੱਗਦੀਆਂ ਹਨ। ਇਸ ਦੇ ਨਾਲ ਹੀ ਗਰਮੀ ਵੀ ਜੋਬਨ ’ਤੇ ਪੁੱਜ ਜਾਂਦੀ ਹੈ ਅਤੇ ਇਸ ਨੂੰ ਪਾਣੀ ਦੀ ਵਧੇਰੇ ਲੋੜ ਪੈਂਦੀ ਹੈ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਜਸਵੰਤ ਰਾਏ ਦਾ ਕਹਿਣਾ ਹੈ ਕਿ ਜਲੰਧਰ ਜ਼ਿਲ੍ਹੇ ’ਚ ਬਸੰਤ ਰੁੱਤ ਦੀ ਮੱਕੀ ਸਭ ਤੋਂ ਵੱਧ ਬੀਜੀ ਗਈ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇੱਥੇ ਆਲੂ ਦੀ ਫਸਲ ਵਧੇਰੇ ਬੀਜੀ ਜਾਂਦੀ ਹੈ ਅਤੇ ਕਿਸਾਨਾਂ ਨੇ ਆਲੂ ਦੀ ਪੁਟਾਈ ਉਪਰੰਤ ਬਸੰਤ ਰੁੱਤ ਦੀ ਮੱਕੀ ਬੀਜੀ ਹੈ।

ਜੰਡਿਆਲਾ ਖੇਤਰ ਦੇ ਪਿੰਡ ਚੌਲਾਂਗ ਵਾਸੀ ਕਿਸਾਨ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ 35 ਏਕੜ ਦੇ ਕਰੀਬ ਇਹ ਮੱਕੀ ਬੀਜੀ ਹੈ। ਇਸ ਦੇ ਵਧੇਰੇ ਰੁਝਾਨ ਬਾਰੇ ਕਿਸਾਨ ਗੁਰਮੀਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਕਿਸਾਨਾਂ ਨੂੰ ਗਿੱਲੀ ਮੱਕੀ ਜੋ ਕਿ ਸਾਈਲੇਜ (ਪਸ਼ੂਆਂ ਦੇ ਚਾਰੇ) ਲਈ ਵਰਤੀ ਜਾਂਦੀ ਹੈ, ਦਾ ਪ੍ਰਤੀ ਕੁਇੰਟਲ ਭਾਅ 1100 ਤੋਂ ਲੈ ਕੇ 1300 ਰੁਪਏ ਤੱਕ ਮਿਲਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੀ ਖੇਤੀ ਲੇਬਰ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ ਅਤੇ ਮੱਕੀ ਦੀ ਸਾਂਭ-ਸੰਭਾਲ ਲਈ ਵਧੇਰੇ ਲੇਬਰ ਦੀ ਲੋੜ ਨਹੀਂ ਪੈਂਦੀ ਹੈ ਜਦੋਂਕਿ ਇਸ ਦੇ ਉਲਟ ਖਰਬੂਜ਼ੇ ਤੇ ਹਦਵਾਣੇ ਦੀ ਗੋਡੀ ਲਈ ਲੇਬਰ ਦੀ ਕਾਫ਼ੀ ਲੋੜ ਪੈਂਦੀ ਹੈ। ਇਹੀ ਕਾਰਨ ਹੈ ਕਿ ਕਿਸਾਨਾਂ ਨੂੰ ਇਸ ਵਾਰ ਆਲੂ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੇ ਬਸੰਤ ਰੁੱਤ ਦੀ ਮੱਕੀ ਨੂੰ ਪਹਿਲ ਦਿੱਤੀ ਹੈ। ਗੁਰਮੀਤ ਸਿੰਘ ਨੇ ਕਿਹਾ ਕਿ ਇਸ ਦੀ ਐੱਮਐੱਸਪੀ ਨਾ ਮਿਲਣ ਕਾਰਨ ਕਿਸਾਨਾਂ ’ਚ ਪੱਕੀ ਹੋਈ ਫਸਲ ਵੇਚਣ ਲਈ ਤੌਖਲਾ ਰਹਿੰਦਾ ਹੈ ਪਰ ਹੋਰ ਕੋਈ ਬਦਲ ਨਾ ਹੋਣ ਕਰ ਕੇ ਕਿਸਾਨਾਂ ਨੇ ਇਸ ਵਾਰ ਵਧੇਰੇ ਮੱਕੀ ਦੀ ਕਾਸ਼ਤ ਕੀਤੀ ਹੈ।

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਦਾ ਕਹਿਣਾ ਹੈ ਕਿ ਬਸੰਤ ਰੁੱਤ ਦੀ ਮੱਕੀ ਦਾ ਝਾੜ ਖਰੀਫ਼ ਰੁੱਤ ਦੀ ਮੱਕੀ ਨਾਲੋਂ ਜ਼ਿਆਦਾ ਨਿਕਲਦਾ ਹੈ। ਇਹ ਮੱਕੀ ਪਸ਼ੂਆਂ ਦੇ ਚਾਰੇ (ਸਾਈਲੇਜ) ਲਈ ਵੱਡੇ ਪੱਧਰ ’ਤੇ ਵਰਤੀ ਜਾਂਦੀ ਹੈ। ਡਾਇਰੈਕਟਰ ਡਾ. ਜਸਵੰਤ ਸਿੰਘ ਨੇ ਕਿਹਾ ਕਿ ਹਾਲਾਂਕਿ ਵਿਭਾਗ ਬਸੰਤ ਰੁੱਤ ਦੀ ਮੱਕੀ ਦੀ ਬਿਜਾਈ ਲਈ ਸਿਫਾਰਸ਼ ਨਹੀਂ ਕਰਦਾ ਕਿਉਂਕਿ ਇਹ ਪਾਣੀ ਬਹੁਤ ਲੈਂਦੀ ਹੈ। ਵਿਭਾਗ ਖਰੀਫ਼ ਰੁੱਤ ਦੀ ਮੱਕੀ ਨੂੰ ਉਤਸ਼ਾਹਿਤ ਕਰਨ ਲਈ ਯਤਨ ਕਰ ਰਿਹਾ ਹੈ। ਇਸ ਕੰਮ ਲਈ ਕੇਂਦਰ ਸਰਕਾਰ ਨੂੰ ਯੋਜਨਾ ਬਣਾ ਕੇ ਭੇਜੀ ਗਈ ਹੈ ਕਿ ਉਹ ਖਰੀਫ਼ ਰੁੱਤ ਦੀ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਰਾਹਤ ਦੇਵੇ ਤਾਂ ਜੋ ਹੋਰ ਕਿਸਾਨ ਵੀ ਇਸ ਮੱਕੀ ਦੀ ਕਾਸ਼ਤ ਵੱਲ ਉਤਸ਼ਾਹਤ ਹੋ ਸਕਣ।