ਗੁਦਾਮ ਦੇ ਬਾਹਰ ਟਰੱਕ ਖੜ੍ਹਾ ਕਰਨ ਨੂੰ ਲੈ ਕੇ ਹੋਏ ਝਗੜੇ 'ਚ ਐਤਵਾਰ ਨੂੰ ਕੁਝ ਲੋਕਾਂ ਨੇ ਟਰੱਕ ਡਰਾਈਵਰ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਨੌਜਵਾਨ ਦੀ ਮੌਤ ਤੋਂ ਬਾਅਦ ਗੁੱਸੇ 'ਚ ਆਏ ਰਿਸ਼ਤੇਦਾਰਾਂ ਨੇ ਗੁਦਾਮ ਦੇ ਬਾਹਰ ਖੜ੍ਹੀਆਂ ਮੁਲਜ਼ਮਾਂ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ।ਰਿਸ਼ਤੇਦਾਰਾਂ ਨੇ ਐਫਸੀਆਈ ਦੇ ਗੁਦਾਮਾਂ ਦੇ ਬਾਹਰ ਸੜਕ ’ਤੇ ਧਰਨਾ ਲਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤਕ ਮੁਲਜ਼ਮਾਂ ਨੂੰ ਫੜਿਆ ਨਹੀਂ ਜਾਂਦਾ ਉਦੋਂ ਤਕ ਧਰਨਾ ਜਾਰੀ ਰਹੇਗਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਸਿਟੀ ਮੋਹਨ ਸਿੰਘ ਪੁਲਿਸ ਫੋਰਸ ਨਾਲ ਮੌਕੇ ’ਤੇ ਪੁੱਜੇ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਮੱਖਨ ਮਸੀਹ ਪੁੱਤਰ ਬਾਊ ਮਸੀਹ ਨਿਵਾਸੀ ਪਿੰਡ ਅਲੂਨਾ ਦੇ ਭਤੀਜੇ ਕਰਨ ਨੇ ਦੱਸਿਆ ਕਿ ਉਸ ਦੇ ਚਾਚਾ ਟਰੱਕ ਡਰਾਈਵਰ ਦਾ ਕੰਮ ਕਰਦੇ ਸਨ। ਐਤਵਾਰ ਨੂੰ ਐੱਫਸੀਆਈ ਦੇ ਗੁਦਾਮਾਂ ਦੇ ਬਾਹਰ ਟਰੱਕ ਲਾਉਣ ਨੂੰ ਲੈ ਕੇ ਉਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਡਰਾਈਵਰ ਨਾਲ ਵਿਵਾਦ ਹੋ ਗਿਆ। ਇਸ ਦੌਰਾਨ ਬਹਿਸਬਾਜ਼ੀ ਤੋਂ ਬਾਅਦ ਨੌਬਤ ਹੱਥੋਪਾਈ ਤਕ ਜਾ ਪਹੁੰਚੀ। ਇਸੇ ਦੌਰਾਨ ਹੋਰ ਡਰਾਈਵਰਾਂ ਨੇ ਵਿਵਾਦ ਸੁਲਝਾ ਲਿਆ। ਉਸ ਨੇ ਦੱਸਿਆ ਕਿ ਇਸ ਦੌਰਾਨ ਚੀਚੇ ਨਾਲ ਉਲਝਣ ਵਾਲੇ ਟਰੱਕ ਡਰਾਈਵਰ ਨੇ ਆਪਣੇ ਮਾਲਕ ਨੂੰ ਫੋਨ ਕਰ ਦਿੱਤਾ। ਦੋ ਗੱਡੀਆਂ 'ਚ ਪਹੁੰਚੇ ਮੁਲਜ਼ਮਾਂ 'ਚੋਂ ਇਕ ਨੇ ਮੱਖਨ ਮਸੀਹ ਉੱਪਰ ਗੋਲ਼ੀ ਚਲਾ ਦਿੱਤੀ। ਗੋਲ਼ੀ ਲੱਗਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਗੱਡੀਆਂ ਮੌਕੇ 'ਤੇ ਹੀ ਛੱਡ ਕੇ ਭੱਜ ਨਿਕਲੇ। ਭੜਕੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮਾਂ ਦੀਆਂ ਗੱਡੀਆਂ ਦੀ ਭੰਨ-ਤੋੜ ਕਰ ਦਿੱਤੀ ਤੇ ਮੌਕੇ 'ਤੇ ਧਰਨਾ ਲਾ ਦਿੱਤਾ।





