ਆਸਟ੍ਰੇਲੀਆ ਰਹਿੰਦੇ ਪੁੱਤਰ ਨੂੰ ਗ੍ਰਿਫ਼ਤਾਰ ਕਰਨ ਦੇ ਨਾਂ ’ਤੇ ਮਲੋਟ ਨਿਵਾਸੀ ਇਕ ਵਿਅਕਤੀ ਨਾਲ 1 ਲੱਖ 80 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ ਗਈ। ਇਸ ਸਬੰਧ ’ਚ ਜਾਂਚ-ਪੜਤਾਲ ਤੋਂ ਬਾਅਦ ਥਾਣਾ ਮਲੋਟ ਪੁਲਿਸ ਨੇ ਮੈਸੂਰ (ਕਰਨਾਟਕਾ) ਨਿਵਾਸੀ ਵਿਅਕਤੀ ਖਿਲਾਫ਼ ਧੋਖਧੜੀ ਦਾ ਮਾਮਲਾ ਦਰਜ ਕੀਤਾ ਹੈ ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ।ਥਾਣਾ ਸਿਟੀ ਮਲੋਟ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਨਰਿੰਦਰ ਕੁਮਾਰ ਪੁੱਤਰ ਸਰਦਾਰੀ ਲਾਲ ਵਾਸੀ ਮੇਨ ਬਜ਼ਾਰ ਗਲੀ ਨੰਬਰ 02 ਮਲੋਟ ਨੇ ਦੱਸਿਆ ਕਿ ਉਸਦਾ ਬੇਟਾ ਪਿਛਲੇ 10 ਸਾਲਾਂ ਤੋਂ ਆਸਟ੍ਰੇਲੀਆ ਰਹਿ ਰਿਹਾ ਹੈ। ਉਸਨੇ ਦੱਸਿਆ ਕਿ ਉਸਨੂੰ ਮਿਤੀ 02\05\2024 ਨੂੰ ਇਕ ਅਣਪਛਾਤੇ ਵਿਅਕਤੀ ਨੇ ਫੋਨ ਕੀਤਾ ਕਿ ਤੁਹਾਡੇ ਬੇਟੇ ਨੂੰ ਅਸੀਂ ਗ੍ਰਿਫ਼ਤਾਰ ਕਰ ਲਿਆ ਹੈ ਕਿਉਂਕਿ ਇਸਨੇ ਕਿਸੇ ਗਲਤ ਆਦਮੀ ਨੂੰ ਲਿਫਟ ਦਿੱਤੀ ਸੀ ਤੇ ਬਾਹਰ ਨਿਬੇੜਨ ਲਈ ਪੈਸਿਆਂ ਦੀ ਮੰਗ ਕੀਤੀ। ਇਹ ਸੁਣ ਕੇ ਉਹ ਇਕਦਮ ਘਬਰਾ ਗਿਆ ਤੇ ਉਸਨੇ ਆਪਣੇ ਖਾਤੇ ’ਚੋਂ 2 ਐਂਟਰੀਆਂ ਇਕ 85 ਹਜ਼ਾਰ ਤੇ ਦੂੁਸਰੀ 95 ਹਜ਼ਾਰ ਰੁਪਏ ਪੁਵਾ ਦਿੱਤੇ। ਇਸ ਤੋਂ ਬਾਅਦ ਉਸਨੂੰ ਪਤਾ ਲੱਗਾ ਕਿ ਉਸ ਨਾਲ ਤਾਂ ਧੋਖਾ ਹੋਇਆ ਹੈ। ਉਕਤ ਬਿਆਨਾਂ ’ਤੇ ਸੀਨੀਅਰ ਅਫਸਰ ਬਾਲਾ ਜੀ ਦੀ ਪੜਤਾਲ ਤੋਂ ਬਾਅਦ ਸ਼ੱਈਅਦ ਵਸੀਮ ਪੁੱਤਰ ਸ਼ੱਈਅਦ ਇਕਬਾਲ ਵਾਸੀ ਅਸ਼ੋਕਾ ਵੈਸਟ ਕਰਾਸ ਏਰੇਕਟਾ ਸਟਰੀਟ ਮੈਸ਼ੂਰ ਕਰਨਾਟਕਾ ਦੇ ਖਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ਼ ਕਰ ਲਿਆ ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਆਸਟ੍ਰੇਲੀਆ ਰਹਿੰਦੇ ਪੁੱਤਰ ਨੂੰ ਗ੍ਰਿਫ਼ਤਾਰ ਕਰਨ ਦੇ ਨਾਂ ’ਤੇ ਮਾਰੀ 1 ਲੱਖ 80 ਹਜ਼ਾਰ ਦੀ ਠੱਗੀ





