ਚਿੱਟੇ ਦੀ ਆਦਤ ਕਿਵੇਂ ਪੰਜਾਬ ਦੇ ਨੌਜਵਾਨਾਂ ਦੀ ਸੋਚਣ ਸਮਝਣ ਦੀ ਸ਼ਕਤੀ ਖੋਹ ਰਹੀ ਹੈ, ਇਸਦੀ ਉਦਾਹਰਣ ਧੁਰੀ ਦੇ ਪਿੰਡ ਬੇਨੜਾ ’ਚ ਸਾਹਮਣੇ ਆਈ ਹੈ। ਦੋ ਦੋਸਤਾਂ ਨੇ ਆਪਣੇ ਤੀਜੇ ਦੋਸਤ ਨੂੰ ਸਿਰਫ਼ ਇਸ ਲਈ ਰਜਬਾਹੇ ’ਚ ਧੱਕਾ ਦੇ ਦਿੱਤਾ ਕਿ ਚਿੱਟੇ ਦੀ ਵੰਡ ’ਚ ਉਨ੍ਹਾਂ ਦੀ ਡੋਜ਼ ਘੱਟ ਪੈ ਗਈ ਸੀ। ਧੱਕਾ ਦੇਣ ਨਾਲ ਡੁੱਬੇ ਦੋਸਤ ਦੀ ਲਾਸ਼ ਦੋ ਦਿਨ ਬਾਅਦ ਰਜਬਾਹੇ ਤੋਂ ਮਿਲੀ ਤਾਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਪੁੱਤਰ ਨਸ਼ੇ ਦੀ ਭੇਟ ਚੜ੍ਹ ਚੁੱਕਾ ਹੈ।ਸੁਖਦਰਸ਼ਨ ਸਿੰਘ ਵਾਸੀ ਪਿੰਡ ਬਾਲਿਆਂ ਥਾਣੇ ਸਦਰ ਸੰਗਰੂਰ ਨੇ ਦੱਸਿਆ ਕਿ ਉਸਦੇ 24 ਸਾਲਾ ਛੋਟੇ ਭਰਾ ਜਸਵਿੰਦਰ ਸਿੰਘ ਲਾਲੀ ਨੂੰ ਅੱਠ ਅਕਤੂਬਰ ਦੀ ਦੁਪਹਿਰ ਨੂੰ ਉਨ੍ਹਾਂ ਦੇ ਹੀ ਪਿੰਡ ਦੇ ਦੋ ਨੌਜਵਾਨ ਦਮਨਦੀਪ ਸਿੰਘ ਦੰਮਾ ਤੇ ਗੁਰਤੇਜ ਸਿੰਘ ਤੇਜੀ ਆਪਣੀ ਸਕੂਟੀ ’ਤੇ ਬਿਠਾ ਕੇ ਲੈ ਗਏ ਸਨ।

ਇਸ ਤੋਂ ਬਾਅਦ ਦੋ ਦਿਨਾਂ ਤੱਕ ਜਸਵਿੰਦਰ ਘਰ ਨਹੀਂ ਪਰਤਿਆ ਤਾਂ ਉਸਦੀ ਭਾਲ ਕੀਤੀ ਗਈ ਪਰ ਉਸਦਾ ਕੁਝ ਪਤਾ ਨਹੀਂ ਲੱਗਾ। ਲੋਕਾਂ ਤੋਂ ਥਾਂ-ਥਾਂ ਪੁੱਛਗਿੱਛ ਕਰਨ ’ਤੇ ਆਖ਼ਰ ਉਨ੍ਹਾਂ ਨੂੰ ਪਤਾ ਲੱਗਾ ਕਿ ਦਮਨਦੀਪ ਤੇ ਗੁਰਤੇਜ ਜਸਵਿੰਦਰ ਨੂੰ ਲੈ ਕੇ ਧੁਰੀ ਵੱਲ ਪਿੰਡ ਬੇਨੜਾ ਗਏ ਸਨ। ਰਸਤੇ ’ਚ ਦਮਨਦੀਪ ਨੇ ਗੁਰਤੇਜ ਨੂੰ ਬੇਨੜਾ ਦੇ ਰਜਬਾਹੇ ’ਤੇ ਬਿਠਾ ਦਿੱਤਾ ਤੇ ਜਸਵਿੰਦਰ ਨੂੰ ਨਾਲ ਲੈ ਕੇ ਦੋਵੇਂ ਸਕੂਟੀ ’ਤੇ ਧੁਰੀ ਸ਼ਹਿਰ ਤੋਂ ਚਿੱਟਾ ਖ਼ਰੀਦ ਕੇ ਲਿਆਏ। ਦਮਨਦੀਪ ਤੇ ਜਸਵਿੰਦਰ ਵਾਪਸ ਬੇਨੜਾ ਪਿੰਡ ਦੇ ਰਜਬਾਹੇ ’ਤੇ ਬੈਠੇ ਗੁਰਤੇਜ ਕੋਲ ਪਹੁੰਚੇ ਤੇ ਉੱਥੇ ਬੈਠ ਕੇ ਚਿੱਟਾ ਪੀਣ ਲੱਗੇ। ਪਹਿਲਾਂ ਦਮਨਦੀਪ ਤੇ ਫਿਰ ਗੁਰਤੇਜ ਨੇ ਚਿੱਟਾ ਪੀਤਾ। ਉਸ ਤੋਂ ਬਾਅਦ ਦੋਵਾਂ ਨੂੰ ਜਸਵਿੰਦਰ ਨੂੰ ਚਿੱਟਾ ਪਿਆਉਣ ਮਗਰੋਂ ਲੱਗਾ ਕਿ ਉਨ੍ਹਾਂ ਉਸਨੂੰ ਨਾਲ ਲਿਆ ਕੇ ਗ਼ਲਤੀ ਕਰ ਲਈ ਹੈ ਕਿਉਂਕਿ ਜਸਵਿੰਦਰ ਨੂੰ ਪਿਆਉਣ ਪਿੱਛੋਂ ਚਿੱਟੇ ਦੀ ਡੋਜ਼ ਓਨੀ ਬਚੀ ਨਹੀਂ ਜਿੰਨੀ ਉਨ੍ਹਾਂ ਨੂੰ ਉਮੀਦ ਸੀ।

ਘੱਟ ਡੋਜ਼ ਬਚੀ ਦੇਖ ਕੇ ਦਮਨਦੀਪ ਤੇ ਗੁਰਤੇਜ ਭੜਕ ਉੱਠੇ ਅਤੇ ਝਗੜੇ ਤੋਂ ਬਾਅਦ ਉਨ੍ਹਾਂ ਜਸਵਿੰਦਰ ਨੂੰ ਰਜਬਾਹੇ ’ਚ ਧੱਕਾ ਦੇ ਦਿੱਤਾ। ਧੱਕਾ ਦੇਣ ਮਗਰੋਂ ਦੋਵੇਂ ਉੱਥੋਂ ਭੱਜ ਗਏ। ਪਾਣੀ ’ਚ ਡੁੱਬਣ ਨਾਲ ਜਸਵਿੰਦਰ ਦੀ ਮੌਤ ਹੋ ਗਈ। ਵੀਰਵਾਰ ਨੂੰ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀ ਗੁਰਮੀਤ ਸਿੰਘ ਤੇ ਸਤਪਾਲ ਸਿੰਘ ਦੀ ਮਦਦ ਨਾਲ ਲਾਸ਼ ਰਜਬਾਹੇ ’ਚੋਂ ਬਾਹਰ ਕੱਢੀ। ਸੁਖਦਰਸ਼ਨ ਨੇ ਪੁਲਿਸ ਨੂੰ ਬਿਆਨ ਲਿਖਵਾਇਆ ਕਿ ਉਸਦੇ ਭਰਾ ਜਸਵਿੰਦਰ ਦੀ ਮੌਤ ਦਮਨਦੀਪ ਤੇ ਗੁਰਤੇਜ ਵਲੋਂ ਧੱਕਾ ਦੇ ਕੇ ਰਜਬਾਹੇ ’ਚ ਸੁੱਟਣ ਤੇ ਪਾਣੀ ’ਚ ਡੁੱਬਣ ਨਾਲ ਹੋਈ ਹੈ। ਨਾਲ ਹੀ ਦੋਵਾਂ ਨੇ ਜਿਨ੍ਹਾਂ ਵਿਅਕਤੀਆਂ ਤੋਂ ਚਿੱਟਾ ਖ਼ਰੀਦਿਆ, ਉਹ ਵੀ ਬਰਾਬਰ ਦੇ ਦੋਸ਼ੀ ਹਨ। ਪੁਲਿਸ ਨੇ ਸੁਖਦਰਸ਼ਨ ਦੇ ਬਿਆਨਾਂ ਦੇ ਆਧਾਰ ’ਤੇ ਦਮਨਦੀਪ, ਗੁਰਤੇਜ ਤੇ ਉਨ੍ਹਾਂ ਨੂੰ ਨਸ਼ਾ ਵੇਚਣ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।