ਅਮਰੀਕਾ 'ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋ ਰਹੀਆਂ ਹਨ ਪਰ ਇਸ ਤੋਂ ਪਹਿਲਾਂ ਵੀ ਕਰੀਬ ਛੇ ਕਰੋੜ ਅਮਰੀਕੀ ਵੋਟਰ ਆਪਣੀ ਵੋਟ ਪਾ ਚੁੱਕੇ ਹਨ। ਇਨ੍ਹਾਂ ਵੋਟਰਾਂ ਨੇ ਮੇਲ ਜਾਂ ਵਿਅਕਤੀਗਤ ਤੌਰ 'ਤੇ ਵੋਟ ਪਾ ਕੇ ਆਪਣੀ ਵੋਟ ਪਾਈ ਹੈ। ਅਮਰੀਕੀ ਵੋਟਰ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਤੇ ਡੈਮੋਕਰੇਟ ਕਮਲਾ ਹੈਰਿਸ ’ਚੋਂ ਕਿਸ ਨੂੰ ਆਪਣਾ ਅਗਲਾ ਰਾਸ਼ਟਰਪਤੀ ਚੁਣਨਗੇ। ਹਾਲਾਂਕਿ ਮੇਲ ਰਾਹੀਂ ਵੋਟਿੰਗ ਹੋਣ ਕਾਰਨ ਚੋਣ ਨਤੀਜਿਆਂ ਵਿਚ ਦੇਰੀ ਹੋਣ ਦੀ ਸੰਭਾਵਨਾ ਹੈ।
ਸੀਐੱਨਐੱਨ ਦੇ ਸਰਵੇਖਣ ਮੁਤਾਬਿਕ ਜਾਰਜੀਆ ਤੇ ਉੱਤਰੀ ਕੈਰੋਲੀਨਾ ਵਿਚ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਵਿਚਾਲੇ ਕਰੀਬੀ ਮੁਕਾਬਲਾ ਹੈ। ਜਾਰਜੀਆ 'ਚ 48 ਫੀਸਦੀ ਵੋਟਰ ਟਰੰਪ ਦੇ ਪੱਖ 'ਚ ਹਨ, ਉੱਥੇ ਹੀ ਹੈਰਿਸ ਨੂੰ 47 ਫੀਸਦੀ ਲੋਕਾਂ ਦਾ ਸਮਰਥਨ ਹਾਸਿਲ ਹੈ। ਦੋਵਾਂ ਵਿਚ ਸਿਰਫ਼ ਇਕ ਫ਼ੀਸਦੀ ਦਾ ਫ਼ਰਕ ਹੈ। ਜੇ ਉੱਤਰੀ ਕੈਰੋਲੀਨਾ ਦੀ ਗੱਲ ਕਰੀਏ ਤਾਂ ਇੱਥੇ ਕਮਲਾ ਹੈਰਿਸ ਨੂੰ 48 ਫੀਸਦੀ ਵੋਟਰਾਂ ਦਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ ਅਤੇ ਟਰੰਪ ਨੂੰ 47 ਫੀਸਦੀ ਸਮਰਥਨ ਮਿਲ ਰਿਹਾ ਹੈ।
ਉੱਤਰੀ ਕੈਰੋਲੀਨਾ ਵਿਚ 50 ਫ਼ੀਸਦੀ ਗ੍ਰੈਜੂਏਟ ਵੋਟਰ ਅਤੇ ਜਾਰਜੀਆ ਵਿਚ 46 ਪ੍ਰਤੀਸ਼ਤ ਕਮਲਾ ਹੈਰਿਸ ਨਾਲ ਹਨ, ਉੱਥੇ ਹੀ ਟਰੰਪ ਨੂੰ ਉੱਤਰੀ ਕੈਰੋਲੀਨਾ 'ਚ 47 ਫੀਸਦੀ ਤੇ ਜਾਰਜੀਆ 'ਚ 48 ਫੀਸਦੀ ਗ੍ਰੈਜੂਏਟ ਵੋਟਰਾਂ ਦਾ ਸਮਰਥਨ ਮਿਲ ਰਿਹਾ ਹੈ।ਉੱਤਰੀ ਕੈਰੋਲੀਨਾ ਨੇ 2008 ਵਿਚ ਬਰਾਕ ਓਬਾਮਾ ਦਾ ਸਮਰਥਨ ਕੀਤਾ ਸੀ ਪਰ ਪਿਛਲੀਆਂ ਤਿੰਨ ਰਾਸ਼ਟਰਪਤੀ ਚੋਣਾਂ ਵਿਚ ਇੱਥੇ ਰਿਪਬਲਿਕਨ ਪਾਰਟੀ ਦਾ ਦਬਦਬਾ ਰਿਹਾ ਹੈ। ਟਰੰਪ ਨੇ 2020 ਦੀਆਂ ਚੋਣਾਂ ਵਿਚ ਵੀ ਜੋ ਬਾਇਡਨ ਵਿਰੁੱਧ ਜਿੱਤ ਦਰਜ ਕੀਤੀ ਸੀ।





