ਸ਼ਹਿਰ ਦੀ ਸ਼ਾਹੀ ਜਾਮਾ ਮਸਜਿਦ ਵਿੱਚ ਸਥਿਤ ਹਰੀਹਰ ਮੰਦਿਰ ਦਾ ਦਾਅਵਾ ਪੇਸ਼ ਕੀਤੇ ਜਾਣ ਤੋਂ ਬਾਅਦ ਅੱਜ (ਐਤਵਾਰ) ਸਵੇਰੇ ਹੀ ਦੂਜੇ ਪੜਾਅ ਦਾ ਸਰਵੇ ਸ਼ੁਰੂ ਕਰ ਦਿੱਤਾ ਗਿਆ। ਇਸ ਦਾ ਪਤਾ ਲੱਗਦਿਆਂ ਹੀ ਸਵੇਰੇ 9 ਵਜੇ ਦੇ ਕਰੀਬ ਭੀੜ ਮਸਜਿਦ ਵੱਲ ਪੁੱਜਣ ਲੱਗੀ ਤਾਂ ਭੀੜ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹਫੜਾ-ਦਫੜੀ ਮਚ ਗਈ ਤੇ ਬਾਅਦ 'ਚ ਭੀੜ ਨੇ ਪਥਰਾਅ ਸ਼ੁਰੂ ਕਰ ਦਿੱਤਾ। ਪੁਲਿਸ ਨੇ ਹਵਾ ਵਿੱਚ ਗੋਲੀ ਚਲਾ ਕੇ ਭੀੜ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦੂਜੇ ਪਾਸਿਓਂ ਵੀ ਗੋਲੀਬਾਰੀ ਕੀਤੀ ਗਈ ਹੈ। ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਹੈ।ਜਾਮਾ ਮਸਜਿਦ ਤੇ ਹਰੀਹਰ ਮੰਦਿਰ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੇ ਪ੍ਰਬੰਧ ਵਧਾ ਦਿੱਤੇ ਗਏ ਸਨ। ਇਸੇ ਮਾਮਲੇ 'ਚ ਮੰਗਲਵਾਰ ਨੂੰ ਐਡਵੋਕੇਟ ਕਮਿਸ਼ਨਰ ਰਮੇਸ਼ ਰਾਘਵ ਦੇ ਨਾਲ ਵਕੀਲ ਵਿਸ਼ਨੂੰ ਸ਼ੰਕਰ ਜੈਨ ਤੇ ਬਚਾਅ ਪੱਖ ਦੇ ਕਈ ਲੋਕ ਮੌਜੂਦ ਸਨ।

ਪੁਲਿਸ ਨੇ ਦੱਸਿਆ ਕਿ ਐਤਵਾਰ ਸਵੇਰੇ ਭਾਰੀ ਪੁਲਿਸ ਬਲ ਦੀ ਤਾਇਨਾਤੀ ਦੌਰਾਨ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਸੰਭਲ ਜ਼ਿਲ੍ਹੇ 'ਚ ਸ਼ਾਹੀ ਜਾਮਾ ਮਸਜਿਦ ਦਾ ਸਰਵੇਖਣ ਕਰਨ ਆਈ ਸਰਵੇ ਟੀਮ 'ਤੇ ਪਥਰਾਅ ਕੀਤਾ। ਉੱਤਰ ਪ੍ਰਦੇਸ਼ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਸਥਿਤੀ ਹੁਣ ਕਾਬੂ ਵਿੱਚ ਹੈ। ਇੱਕ ਏਜੰਸੀ ਨਾਲ ਗੱਲ ਕਰਦਿਆਂ ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਕਿਹਾ, ਅਦਾਲਤ ਦੇ ਹੁਕਮਾਂ 'ਤੇ ਸੰਭਲ ਵਿੱਚ ਸਰਵੇਖਣ ਕੀਤਾ ਜਾ ਰਿਹਾ ਹੈ। ਕੁਝ ਵਿਰੋਧੀ ਅਨਸਰਾਂ ਨੇ ਪਥਰਾਅ ਕੀਤਾ। ਪੁਲਿਸ ਅਤੇ ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਸਥਿਤੀ ਕਾਬੂ ਹੇਠ ਹੈ। ਪੁਲਿਸ ਪਥਰਾਅ ਕਰ ਵਾਲਿਆਂ ਦੀ ਪਛਾਣ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰੇਗੀ।

ਸੀਨੀਅਰ ਵਕੀਲ ਵਿਸ਼ਨੂੰ ਸ਼ੰਕਰ ਜੈਨ ਦੁਆਰਾ ਦਾਇਰ ਪਟੀਸ਼ਨ ਤੋਂ ਬਾਅਦ ਇਹ ਸਰਵੇਖਣ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਸੀ, ਜਿਸ ਨੇ ਦਾਅਵਾ ਕੀਤਾ ਸੀ ਕਿ ਮਸਜਿਦ ਅਸਲ ਵਿੱਚ ਇੱਕ ਮੰਦਰ ਸੀ। ਇਸ ਤੋਂ ਪਹਿਲਾਂ 19 ਨਵੰਬਰ ਨੂੰ ਵੀ ਅਜਿਹਾ ਹੀ ਇੱਕ ਸਰਵੇਖਣ ਕੀਤਾ ਗਿਆ ਸੀ, ਜਿਸ ਵਿੱਚ ਸਥਾਨਕ ਪੁਲਿਸ ਅਤੇ ਮਸਜਿਦ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਇਸ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਮੌਜੂਦ ਸਨ। ਘਟਨਾ ਤੋਂ ਬਾਅਦ ਪੁਲਿਸ ਨੇ ਸੰਭਲ ਦੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਸਜਿਦ ਦਾ ਸਰਵੇਖਣ ਕਰਨ ਲਈ ਪਹੁੰਚੀ ਸਰਵੇ ਟੀਮ 'ਤੇ ਪੱਥਰ ਨਾ ਸੁੱਟਣ।