ਭਾਰਤ ਸੰਚਾਰ ਨਿਗਮ ਲਿਮਟਿਡ (BSNL) ਦੇ ਗਾਹਕਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਸਰਕਾਰੀ ਟੈਲੀਕਾਮ ਕੰਪਨੀ ਅੱਜ ਤੋਂ ਆਪਣੀ ਇੱਕ ਸਰਵਿਸ ਬੰਦ ਕਰਨ ਜਾ ਰਹੀ ਹੈ। ਇਸ ਨਾਲ ਲੱਖਾਂ ਗਾਹਕਾਂ 'ਤੇ ਅਸਰ ਪਵੇਗਾ। ਕੰਪਨੀ ਨੇ ਦੇਸ਼ ਭਰ ਵਿੱਚ 4G ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਵੱਡਾ ਫੈਸਲਾ ਲਿਆ ਹੈ। ਦਰਅਸਲ, ਕੰਪਨੀ ਅੱਜ ਤੋਂ ਬਿਹਾਰ ਵਿੱਚ ਆਪਣੀ 3G ਸੇਵਾ ਬੰਦ ਕਰ ਰਹੀ ਹੈ। ਪਹਿਲੇ ਪੜਾਅ ਵਿੱਚ, ਕੰਪਨੀ ਨੇ ਮੋਤੀਹਾਰੀ, ਕਟਿਹਾਰ, ਖਗੜੀਆ ਅਤੇ ਮੁੰਗੇਰ ਵਰਗੇ ਜ਼ਿਲ੍ਹਿਆਂ ਵਿੱਚ ਇਹ ਸੇਵਾ ਬੰਦ ਕਰ ਦਿੱਤੀ ਸੀ। ਅੱਜ ਤੋਂ ਇਹ ਸਰਵਿਸ ਪਟਨਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਬੰਦ ਕਰ ਦਿੱਤੀ ਜਾਵੇਗੀ।
BSNL ਦੇ ਇਸ ਫੈਸਲੇ ਦਾ ਸਭ ਤੋਂ ਵੱਧ ਅਸਰ 3G ਸਿਮ ਰੱਖਣ ਵਾਲੇ ਗਾਹਕਾਂ 'ਤੇ ਪਵੇਗਾ। ਸਰਵਿਸ ਬੰਦ ਹੋਣ ਤੋਂ ਬਾਅਦ ਉਹ ਸਿਰਫ਼ ਆਪਣੇ ਮੋਬਾਈਲ ਤੋਂ ਕਾਲ ਅਤੇ SMS ਭੇਜ ਸਕਣਗੇ, ਪਰ ਇੰਟਰਨੈੱਟ ਦਾ ਆਨੰਦ ਨਹੀਂ ਮਾਣ ਸਕਣਗੇ। ਕੁਝ ਦਿਨ ਪਹਿਲਾਂ, BSNL ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਸੀ ਕਿ ਰਾਜ ਵਿੱਚ 4G ਨੈੱਟਵਰਕ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਇਸੇ ਲਈ 3G ਸਰਵਿਸ ਬੰਦ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਾਲ ਕੰਪਨੀ 4G ਨੈੱਟਵਰਕ ਨੂੰ ਅਪਗ੍ਰੇਡ ਕਰਨ ਅਤੇ ਦੇਸ਼ ਭਰ ਵਿੱਚ 5G ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਨਾਲ ਅੱਗੇ ਵੱਧ ਰਹੀ ਹੈ।
ਜੇਕਰ 3G ਸਿਮ ਯੂਜ਼ਰਸ ਡੇਟਾ ਦਾ ਆਨੰਦ ਲੈਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣਾ ਸਿਮ ਅਪਗ੍ਰੇਡ ਕਰਨਾ ਹੋਵੇਗਾ। BSNL ਆਪਣੇ ਗਾਹਕਾਂ ਨੂੰ ਮੁਫਤ ਵਿੱਚ 3G ਤੋਂ 4G ਵਿੱਚ ਬਦਲ ਰਿਹਾ ਹੈ। ਭਵਿੱਖ ਵਿੱਚ, ਇਸ ਸਿਮ 'ਤੇ 5G ਕਨੈਕਟੀਵਿਟੀ ਦਾ ਵੀ ਆਨੰਦ ਲਿਆ ਜਾ ਸਕਦਾ ਹੈ। ਪ੍ਰਭਾਵਿਤ ਉਪਭੋਗਤਾ BSNL ਦਫ਼ਤਰ ਜਾ ਸਕਦੇ ਹਨ ਅਤੇ ਆਪਣਾ ਸਿਮ ਬਦਲਵਾ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਆਪਣਾ ਪਛਾਣ ਪੱਤਰ ਆਪਣੇ ਨਾਲ ਰੱਖਣਾ ਹੋਵੇਗਾ। ਬਿਹਾਰ ਤੋਂ ਇਲਾਵਾ, BSNL ਨੇ ਕਈ ਹੋਰ ਰਾਜਾਂ ਵਿੱਚ ਆਪਣੀ 3G ਸੇਵਾ ਬੰਦ ਕਰ ਦਿੱਤੀ ਹੈ।





