ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਐਤਵਾਰ ਦੇਰ ਰਾਤ ਵਾਪਰੇ ਦਰਦਨਾਕ ਹਾਦਸੇ 'ਚ ਟਰਾਲੀ ਚਾਲਕ ਦੀ ਮੌਤ ਹੋ ਗਈ, ਜਦਕਿ ਉਸ ਦਾ ਇਕ ਸਾਥੀ ਜ਼ਖਮੀ ਹੋ ਗਿਆ। ਟਰਾਲੀ ਚਾਲਕ ਜੰਮੂ ਤੋਂ ਅੰਮ੍ਰਿਤਸਰ ਵੱਲ ਜਾ ਰਿਹਾ ਸੀ। ਗੁਰਦਾਸਪੁਰ ਬੱਸ ਟਰਮੀਨਲ ਨੇੜੇ ਹਾਈਵੇਅ 'ਤੇ ਬਣੇ ਪੁਲ ਤੋਂ ਲੰਘਦੇ ਸਮੇਂ ਟਰਾਲੀ ਦਾ ਟਾਇਰ ਅਚਾਨਕ ਫਟ ਗਿਆ, ਜਿਸ ਕਾਰਨ ਟਰਾਲੀ ਬੇਕਾਬੂ ਹੋ ਕੇ ਰੇਲਿੰਗ ਤੋੜ ਕੇ ਹੇਠਾਂ ਜਾ ਡਿੱਗੀ। ਇਸ ਦੌਰਾਨ ਟਰਾਲੀ ਚਾਲਕ ਬੁਰੀ ਤਰ੍ਹਾਂ ਨਾਲ ਅੰਦਰ ਫਸ ਗਿਆ, ਜਦਕਿ ਉਸ ਦਾ ਸਾਥੀ ਬਾਹਰ ਨਿਕਲਣ 'ਚ ਕਾਮਯਾਬ ਹੋ ਗਿਆ।
ਜਦੋਂ ਤੱਕ ਡਰਾਈਵਰ ਨੂੰ ਬਾਹਰ ਕੱਢਿਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਰਾਤ ਨੂੰ ਹਨੇਰਾ ਹੋਣ ਕਾਰਨ ਰਾਹਤ ਕਾਰਜਾਂ 'ਚ ਕਾਫੀ ਰੁਕਾਵਟ ਆਈ। ਆਸ-ਪਾਸ ਦੇ ਲੋਕਾਂ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਫੀ ਮੁਸ਼ੱਕਤ ਤੋਂ ਬਾਅਦ ਡਰਾਈਵਰ ਨੂੰ ਟਰਾਲੀ 'ਚੋਂ ਬਾਹਰ ਕੱਢਿਆ। ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ। ਟਰਾਲੀ ਚਾਲਕ ਦੇ ਨਾਲ ਬੈਠੇ ਪੀਯੂਸ਼ ਪਟੇਲ ਪੁੱਤਰ ਅਰੁਣ ਕੁਮਾਰ ਵਾਸੀ ਫਤਿਹਪੁਰ ਲਖਨਊ ਨੇ ਦੱਸਿਆ ਕਿ ਉਹ ਆਪਣੇ ਭਰਾ ਮਨੀਸ਼ ਪਟੇਲ ਨਾਲ ਟਰਾਲੀ ’ਚ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਜੰਮੂ ਲਈ ਰਵਾਨਾ ਹੋਇਆ ਸੀ। ਅੰਮ੍ਰਿਤਸਰ ਵਿੱਚ ਉਸ ਨੇ ਟਰਾਲੀ ਵਿੱਚ ਖਾਲੀ ਡਰੰਮ ਲੋਡ ਕਰਨੇ ਸਨ।
ਗੁਰਦਾਸਪੁਰ 'ਚ ਬੱਸ ਟਰਮੀਨਲ ਨੇੜੇ ਪੁਲ 'ਤੇ ਪਹੁੰਚਣ 'ਤੇ ਅਚਾਨਕ ਟਰਾਲੀ ਦਾ ਟਾਇਰ ਫਟ ਗਿਆ। ਇਸ ਕਾਰਨ ਟਰਾਲੀ ਬੇਕਾਬੂ ਹੋ ਕੇ ਰੇਲਿੰਗ ਤੋੜਦੀ ਹੋਈ ਪੁਲ ਤੋਂ ਹੇਠਾਂ ਜਾ ਡਿੱਗੀ। ਉਸ ਨੇ ਦੱਸਿਆ ਕਿ ਹਾਦਸੇ ਸਮੇਂ ਉਹ ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ ਸੀ। ਇਸ ਦੌਰਾਨ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਟਰਾਲੀ ਦਾ ਅਗਲਾ ਸ਼ੀਸ਼ਾ ਟੁੱਟਣ ਕਾਰਨ ਉਹ ਬਾਹਰ ਨਿਕਲ ਗਿਆ, ਜਿਸ ਕਾਰਨ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਤੋਂ ਬਾਅਦ ਉਸ ਨੇ ਆਪਣੇ ਭਰਾ ਨੂੰ ਕਈ ਫੋਨ ਕੀਤੇ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਦੀ ਮੌਤ ਹੋ ਗਈ ਹੈ। ਮੌਕੇ 'ਤੇ ਪੁੱਜੀ ਪੁਲਿਸ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ।





