ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਜਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਭਾਈ ਮਨਜੀਤ ਸਿੰਘ, ਮਾਸਟਰ ਮਿੱਠੂ ਸਿੰਘ ਕਾਹਨੇਕੇ, ਸਤਵਿੰਦਰ ਸਿੰਘ ਟੌਹੜਾ ਤੇ ਮਨਜੀਤ ਸਿੰਘ ਚੰਗਾਲ ਨੇ ਸਾਂਝੇ ਬਿਆਨ ’ਚ ਕਿਹਾ ਕਿ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਵੱਡੇ ਧਰਮ ਸੰਕਟ ’ਚ ਫਸ ਚੁੱਕਿਆ ਹੈ, ਅਜਿਹੇ ਹਾਲਾਤ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸੰਕਟ ਮੋਚਨ ਦੇ ਤੌਰ ’ਤੇ ਅਗਵਾਈ ਕਰਨ। ਉਨ੍ਹਾਂ ਕਿਹਾ ਕਿ ਹੁਣ ਢੁੱਕਵਾਂ ਤੇ ਇਮਤਿਹਾਨੀ ਸਮਾਂ ਆ ਚੁੱਕਾ ਹੈ।

ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਕਦੇ ਵੀ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਭਗੌੜਾ ਨਹੀਂ ਹੋ ਸਕਦੀ ਪਰ ਕੁੱਝ ਲੋਕਾਂ ਦੇ ਭਗੌੜਾ ਹੋਣ ਦੀ ਹਾਲਤ ’ਚ ਸਮੁੱਚੀ ਪੰਥਕ ਜਮਾਤ ਦੇ ਆਗੂਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਵਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ, ਸਰਵਉੱਚਤਾ ਦੀ ਬਹਾਲੀ ਨੂੰ ਲੈ ਕੇ ਉੱਠ ਰਿਹਾ ਹੈ, ਕਿਹੜੇ ਲੋਕਾਂ ਦੇ ਫ਼ੈਸਲਿਆਂ ਨਾਲ ਇਹ ਚੁਣੌਤੀ ਵੱਡੀ ਹੋਈ, ਕਿਹੜੇ ਲੋਕਾਂ ਦੀ ਵਜ੍ਹਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਵਾਲੀ ਸਥਿਤੀ ਬਣੀ, ਕਿਹੜੇ ਲੋਕਾਂ ਦੇ ਫ਼ੈਸਲਿਆਂ ਨਾਲ ਸਿੰਘ ਸਾਹਿਬਾਨਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਕਿਹੜੇ ਲੋਕਾਂ ਦੀ ਪੰਥ ਵਿਰੋਧੀ ਭਾਵਨਾ ਨਾਲ ਅੱਜ ਇਹ ਹਾਲਾਤ ਬਣੇ। ਇਸ ਕਰ ਕੇ ਸੰਗਤ ਦੀ ਦੁਬਿਧਾਵਾਂ ਨੂੰ ਦੂਰ ਕੀਤੇ ਬਗ਼ੈਰ ਪੰਥ, ਕੌਮ ਤੇ ਪੰਥ ਦੀ ਸਿਆਸੀ ਜਮਾਤ ਨੂੰ ਤੱਕੜਾ ਕਰਨ ਦਾ ਹੱਲ ਨਿਕਲਣ ਵਾਲਾ ਨਹੀਂ ਹੈ।