ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਕਾਰੋਬਾਰ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਦੇ ਪੇਂਡੂ ਖੇਤਰ 'ਚ ਦੋ ਹਵਾਲਾ ਓਪਰੇਟਰ ਗ੍ਰਿਫਤਾਰ ਕੀਤੇ ਗਏ ਹਨ। ਦੋਹਾਂ ਆਰੋਪੀਆਂ ਦੀ ਪਹਿਚਾਣ ਸੁਖਜੀਤ ਸਿੰਘ ਅਤੇ ਰਣਬੀਰ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਆਰੋਪੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸੰਬੰਧਤ ਗੈਰਕਾਨੂੰਨੀ ਵਿੱਤੀ ਲੈਣ-ਦੇਣ 'ਚ ਸ਼ਾਮਿਲ ਸਨ। ਇਹ ਗ੍ਰਿਫਤਾਰੀ ਥਾਣਾ ਘਰੀਂਡਾ ਵੱਲੋਂ ਕੀਤੀ ਗਈ 561 ਗ੍ਰਾਮ ਹੈਰੋਇਨ ਦੀ ਬਰਾਮਦਗੀ ਦੀ ਜਾਂਚ ਦੌਰਾਨ ਹੋਈ, ਜਿਸ 'ਚ ਆਰੋਪੀਆਂ ਦੇ ਹਵਾਲਾ ਨੈਟਵਰਕ ਨਾਲ ਜੁੜੇ ਹੋਣ ਦਾ ਖੁਲਾਸਾ ਹੋਇਆ।
ਡੀਜੀਪੀ ਗੌਰਵ ਯਾਦਵ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਪੁਲਿਸ ਨੂੰ ਪਹਿਲਾਂ ਤੋਂ ਹੀ ਇਹ ਸੂਚਨਾ ਸੀ ਕਿ ਅੰਮ੍ਰਿਤਸਰ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਨਸ਼ਿਆਂ ਦੀ ਤਸਕਰੀ ਲਈ ਹਵਾਲਾ ਰਾਹੀਂ ਧਨ ਦੀ ਲੈਣ-ਦੇਣ ਕੀਤੀ ਜਾ ਰਹੀ ਹੈ। ਜਦੋਂ ਪੁਲਿਸ ਨੇ 561 ਗ੍ਰਾਮ ਹੈਰੋਇਨ ਜ਼ਬਤ ਕੀਤੀ, ਤਾਂ ਜਾਂਚ ਦੌਰਾਨ ਸਾਹਮਣੇ ਆਇਆ ਕਿ ਸੁਖਜੀਤ ਸਿੰਘ ਅਤੇ ਰਣਬੀਰ ਸਿੰਘ ਨਾ ਸਿਰਫ਼ ਨਸ਼ਾ ਤਸਕਰਾਂ ਨੂੰ ਵਿੱਤੀ ਮਦਦ ਦੇ ਰਹੇ ਸਨ, ਬਲਕਿ ਹਵਾਲਾ ਰਾਹੀਂ ਇਹ ਲੈਣ-ਦੇਣ ਛੁਪਾਉਣ ਦੀ ਕੋਸ਼ਿਸ਼ ਵੀ ਕਰ ਰਹੇ ਸਨ।
ਦੋਵੇਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਠਿਕਾਣਿਆਂ 'ਤੇ ਛਾਪੇ ਮਾਰੇ, ਜਿੱਥੋਂ ਵੱਡੀ ਮਾਤਰਾ 'ਚ ਨਕਦੀ ਅਤੇ ਹੋਰ ਅਹਿਮ ਸਬੂਤ ਬਰਾਮਦ ਹੋਏ। ਜਿਸ ਵਿੱਚ ਪੁਲਿਸ ਨੇ 17,60,000 ਰੁਪਏ, 4,000 ਅਮਰੀਕੀ ਡਾਲਰ ਅਤੇ ਇੱਕ ਲੈਪਟੌਪ ਜ਼ਬਤ ਕੀਤਾ, ਜਿਸ ਵਿੱਚ ਲੈਣ-ਦੇਣ ਨਾਲ ਜੁੜੀ ਖਾਸ ਜਾਣਕਾਰੀ ਫੀਡ ਕੀਤੀ ਹੋਈ ਹੈ। ਪੰਜਾਬ ਪੁਲਿਸ ਨਿਰੰਤਰ ਤੌਰ 'ਤੇ ਨਸ਼ਾ ਤਸਕਰਾਂ, ਉਨ੍ਹਾਂ ਦੇ ਵਿੱਤੀ ਸਹਾਇਕਾਂ ਅਤੇ ਸਾਥੀਆਂ ਦੇ ਖ਼ਿਲਾਫ ਸਖ਼ਤ ਕਾਰਵਾਈ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜ 'ਚ ਨਸ਼ੇ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਹਵਾਲਾ ਫੰਡਿੰਗ ਨੂੰ ਜੜ੍ਹ ਤੋਂ ਉਖਾੜਣਾ ਬਹੁਤ ਜ਼ਰੂਰੀ ਹੈ। ਪੁਲਿਸ ਨੇ ਸਾਫ ਕਰ ਦਿੱਤਾ ਹੈ ਕਿ ਇਸ ਗੈਰਕਾਨੂੰਨੀ ਕਾਰੋਬਾਰ ਵਿੱਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।





