ਇਕ ਪਾਸੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਹੈ, ਉੱਥੇ ਹੀ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਪਰ ਦੂਜੇ ਪਾਸੇ ਆਏ ਦਿਨ ਜਿੱਥੇ ਨੌਜਵਾਨਾਂ ਦੀ ਚਿੱਟੇ ਨਾਲ ਮੌਤ ਹੋ ਰਹੀ ਹੈ, ਉੱਥੇ ਹੀ ਬੇਹੋਸ਼ੀ ਦੀ ਹਾਲਤ ਵਿੱਚ ਵੀ ਅਜਿਹੇ ਨੌਜਵਾਨ ਮਿਲ ਰਹੇ ਹਨ। ਵੀਰਵਾਰ ਨੂੰ ਵੀ ਬਠਿੰਡਾ ਵਿੱਚ ਦੋ ਨੌਜਵਾਨ ਚਿੱਟੇ ਦਾ ਟੀਕਾ ਲਗਾ ਕੇ ਬੇਹੋਸ਼ ਹੋ ਗਏ, ਪਰ ਦੋਵਾਂ ਨੂੰ ਜਲਦੀ ਮੁੱਢਲੀ ਸਹਾਇਤਾ ਮਿਲਣ ਕਾਰਨ ਇਕ ਵਾਰ ਉਨ੍ਹਾਂ ਦੀ ਜਾਨ ਬਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਗੋਨਿਆਣਾ ਰੋਡ ’ਤੇ ਤਿੰਨ ਸਿਨੇਮਿਆਂ ਨੇੜੇ ਇਕ ਗਲੀ ਵਿੱਚ ਆਟੋ ਚਾਲਕ ਨੇ ਚਿੱਟੇ ਦਾ ਟੀਕਾ ਲਗਾ ਲਿਆ, ਜਿਸ ਕਾਰਨ ਉਹ ਚਾਲਕ ਆਟੋ ਵਿੱਚ ਹੀ ਬੇਹੋਸ਼ ਹੋ ਗਿਆ। ਇਸ ਘਟਨਾ ਦੀ ਸੂਚਨਾ ਕਿਸੇ ਵਿਅਕਤੀ ਨੇ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਦਫਤਰ ਵਿੱਚ ਦਿੱਤੀ, ਜਿਸ ਤੋਂ ਬਾਅਦ ਸੁਸਾਇਟੀ ਦੇ ਵਰਕਰ ਐਂਬੂਲੈਂਸ ਸਮੇਤ ਮੌਕੇ ’ਤੇ ਪੁੱਜੇ। ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਦੱਸਿਆ ਕਿ ਘਟਨਾ ਦੀ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਅਤੇ ਪੁਲਿਸ ਮੌਕੇ ’ਤੇ ਪੁੱਜੀ।
ਉਨ੍ਹਾਂ ਦੱਸਿਆ ਕਿ ਉਕਤ ਆਟੋ ਚਾਲਕ ਨੇ ਆਪਣੇ ਪੱਟ ਵਿੱਚ ਟੀਕਾ ਲਗਾਇਆ ਹੋਇਆ ਸੀ ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਉਨ੍ਹਾਂ ਦੱਸਿਆ ਕਿ ਟੀਕਾ ਅਜੇ ਵੀ ਉਸਦੇ ਪੱਟ ਵਿੱਚ ਹੀ ਲੱਗਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਕਤ ਆਟੋ ਚਾਲਕ ਹੋਸ਼ ਵਿੱਚ ਆ ਗਿਆ, ਜਿਸ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ। ਦੂਜੇ ਪਾਸੇ ਪਿੰਡ ਜੋਗਾਨੰਦ ਨੇੜੇ ਵੀ ਇੱਕ 19 ਸਾਲਾ ਨੌਜਵਾਨ ਚਿੱਟੇ ਦਾ ਟੀਕਾ ਲਗਾ ਕੇ ਬੇਹੋਸ਼ ਹੋ ਗਿਆ।
ਇਸ ਸਬੰਧੀ ਕਿਸੇ ਵਿਅਕਤੀ ਨੇ ਸਹਾਰਾ ਜਨ ਸੇਵਾ ਦੇ ਦਫਤਰ ਵਿੱਚ ਜਾਣਕਾਰੀ ਦਿੱਤੀ ਤਾਂ ਸਹਾਰਾ ਵਰਕਰ ਸੰਦੀਪ ਸਿੰਘ ਐਂਬੂਲੈਂਸ ਲੈ ਕੇ ਮੌਕੇ ’ਤੇ ਪੁੱਜੇ। ਉਨ੍ਹਾਂ ਇਸ ਘਟਨਾ ਦੀ ਜਾਣਕਾਰੀ ਜੇਲ੍ਹ ਪੁਲਿਸ ਚੌਂਕੀ ਨੂੰ ਦਿੱਤੀ ਅਤੇ ਪੁਲਿਸ ਨੇ ਵੀ ਮੌਕੇ ’ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ। ਸਹਾਰਾ ਵਰਕਰ ਸੰਦੀਪ ਸਿੰਘ ਨੇ ਦੱਸਿਆ ਕਿ ਬੇਹੋਸ਼ ਹੋਏ ਉਕਤ ਵਿਅਕਤੀ ਦੇ ਨੇੜੇ ਸਰਿੰਜ ਪਈ ਹੋਈ ਸੀ, ਜਿਸ ਨਾਲ ਉਸਨੇ ਆਪਣੇ ਟੀਕਾ ਲਗਾਇਆ। ਉਨ੍ਹਾਂ ਦੱਸਿਆ ਕਿ ਬੇਹੋਸ਼ ਹੋਏ ਲਾਡੀ ਵਾਸੀ ਪਿੰਡ ਗੋਬਿੰਦਪੁਰਾ ਕੋਲੋਂ ਚਿੱਟੇ ਦੀ ਇੱਕ ਬਿੱਟ ਵੀ ਮਿਲੀ ਹੈ। ਥਾਣਾ ਕੈਂਟ ਅਧੀਨ ਪੈਂਦੀ ਪੁਲਿਸ ਚੌਂਕੀ ਜੇਲ੍ਹ ਦੇ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਭਾਵੇਂ ਪੁਲਿਸ ਨੇ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਹੋਈ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਉਕਤ ਨੌਜਵਾਨਾਂ ਨੂੰ ਇਹ ਚਿੱਟਾ ਕਿੱਥੋਂ ਮਿਲ ਰਿਹਾ ਹੈ।





