ਤੇਜ਼ੀ ਨਾਲ ਬਦਲ ਰਹੀ ਦੁਨੀਆ ਤੇ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਯੂਨੀਵਰਿਸਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਨੇ ਹੁਣ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਆਪਣੇ ਵਿੱਦਿਅਕ ਪ੍ਰੋਗਰਾਮਾਂ ਦੇ ਸਿਲੇਬਸ ’ਚ ਤਬਦੀਲੀ ਕਰਨ ਲਈ ਕਿਹਾ ਹੈ। ਨਾਲ ਹੀ ਕਿਹਾ ਹੈ ਕਿ ਇਸ ਬਦਲਾਅ ’ਚ ਵਿਸ਼ਾ-ਵਸਤੂ ਦੇ ਬੋਝ ਨੂੰ ਘੱਟ ਕੀਤਾ ਜਾਵੇ। ਇਸ ਦੀ ਥਾਂ ਸਿਲਬੇਸ ’ਚ ਜ਼ਰੂਰੀ ਜੀਵਨ ਹੁਨਰ, ਅਨੁਭਵ ਤੇ ਕਰ ਕੇ ਸਿੱਖਣ ਨੂੰ ਸ਼ਾਮਿਲ ਕੀਤਾ ਜਾਵੇ। ਯੂਜੀਸੀ ਨੇ ਇਹ ਪਹਿਲ ਅਜਿਹੇ ਸਮੇਂ ਕੀਤੀ ਹੈ, ਜਦੋਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਤਹਿਤ ਸਕੂਲੀ ਪੱਧਰ ’ਤੇ ਸਿਲੇਬਸਾਂ ’ਚ ਬਦਲਾਅ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਹੁਣੇ ਜਿਹੇ ਐੱਨਈਪੀ ਤਹਿਤ ਆ ਰਹੀਆਂ ਸਕੂਲਾਂ ਦੀਆਂ ਨਵੀਆਂ ਪਾਠ ਪੁਸਤਕਾਂ ’ਚ ਵਿਸ਼ਾ-ਵਸਤੂ ਨੂੰ ਘੱਟ ਕੀਤਾ ਗਿਆ ਹੈ। ਇਸ ਦੀ ਥਾਂ ਜੀਵਨ ਹੁਨਰ ਤੇ ਸਿੱਖਣ ਆਦਿ ਦੀ ਕਲਾ ਨੂੰ ਅਹਿਮੀਅਤ ਦਿੱਤੀ ਗਈ ਹੈ।
ਕਮਿਸ਼ਨ ਨੇ ਦੇਸ਼ ਭਰ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਕੁਲਪਤੀਆਂ ਤੇ ਕਾਲਜਾਂ ਦੇ ਅਧਿਆਪਕਾਂ ਨੂੰ ਲਿਖੇ ਪੱਤਰ ’ਚ ਕਿਹਾ ਹੈ ਕਿ ਐੱਨਈਪੀ 2020 ਦੀਆਂ ਸਿਫ਼ਾਰਸ਼ਾਂ ਨੂੰ ਧਿਆਨ ’ਚ ਰੱਖਦਿਆਂ ਚਲਾਏ ਜਾ ਰਹੇ ਸਾਰੇ ਵਿੱਦਿਅਕ ਪ੍ਰੋਗਰਾਮਾਂ ’ਚ ਦੇ ਸਿਲੇਬਸ ’ਚ ਫੌਰੀ ਪ੍ਰਭਾਵ ਨਾਲ ਬਦਲਾਅ ਦੇ ਕਦਮ ਚੁੱਕਣ। ਇਸ ਤਹਿਤ ਜਿਹੜਾ ਕ੍ਰੈਡਿਟ ਫਰੇਮਵਰਕ ਤੇ ਯੋਗਤਾ ਫਰੇਮਵਰਕ ਤਿਆਰ ਕਰੋ, ਉਨ੍ਹਾਂ ’ਚ ਇਸ ਗੱਲ ਦਾ ਧਿਆਨ ਰੱਖੋ ਕਿ ਉਸ ’ਚ ਅਪ੍ਰੈਂਟਿਸਸ਼ਿਪ, ਇੰਟਰਨਸ਼ਿਪ ਤੇ ਹੁਨਰ ਵਿਕਾਸ ਨੂੰ ਪ੍ਰਮੁੱਖਤਾ ਨਾਲ ਥਾਂ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਐੱਨਈਪੀ ਤਹਿਤ ਮੌਜੂਦਾ ਸਮੇਂ ’ਚ ਸਕੂਲ ਤੋਂ ਲੈ ਕੇ ਉੱਚ ਸਿੱਖਿਆ ’ਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ। ਸਿਲੇਬਸ ’ਚ ਬਦਲਾਅ ਵੀ ਇਸੇ ਸੁਧਾਰ ਦਾ ਇਕ ਹਿੱਸਾ ਹੈ। ਮੌਜੂਦਾ ਸਮੇਂ ’ਚ ਦੇਸ਼ ’ਚ 4.46 ਕਰੋੜ ਤੋਂ ਵੱਧ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ।ਯੂਜੀਸੀ ਦੇ ਸਕੱਤਰ ਮਨੀਸ਼ਾ ਆਰ. ਜੋਸ਼ੀ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਲਿਖੇ ਇਸ ਪੱਤਰ ’ਚ ਕਿਹਾ ਕਿ ਦੁਨੀਆ ’ਚ ਜਿਸ ਤਰ੍ਹਾਂ ਨਾਲ ਹਰ ਪਲ ਨਵੀਂ ਤਕਨੀਕ ਤੇ ਇਨੋਵੇਸ਼ਨ ਸਾਹਮਣੇ ਆ ਰਹੇ ਹਨ, ਉਸ ’ਚ ਸਾਨੂੰ ਖ਼ੁਦ ਨੂੰ ਲਗਾਤਾਰ ਅਪਗ੍ਰੇਡ ਕਰਦੇ ਰਹਿਣਾ ਚਾਹੀਦਾ ਹੈ। ਖ਼ਾਸ ਕਰ ਕੇ ਦੇਸ਼ ਦੀਆਂ ਮੌਜੂਦਾ ਤੇ ਭਵਿੱਖੀ ਚੁਣੌਤੀਆਂ ਬਾਰੇ ਨਵੀਂ ਪੀੜ੍ਹੀ ਨੂੰ ਤਿਆਰ ਕਰਨਾ ਪਵੇਗਾ। ਜੋਸ਼ੀ ਨੇ ਕਿਹਾ ਕਿ ਸਾਰੇ ਉੱਚ ਵਿੱਦਿਅਕ ਅਦਾਰੇ ਸਿਲੇਬਸ ’ਚ ਬਦਲਾਅ ਦੀ ਪਹਿਲ ਆਪਣੇ ਏਜੰਡੇ ’ਚ ਪ੍ਰਮੁੱਖਤਾ ਨਾਲ ਸ਼ਾਮਿਲ ਕਰਨ।





