ਥਾਣਾ ਸ਼ੁਤਰਾਣਾ ਅਧੀਨ ਆਉਂਦੇ ਪਿੰਡ ਭੂੰਡਥੇਹ ਵਿਖੇ ਜ਼ਮੀਨੀ ਵਿਵਾਦ ਦੇ ਚਲਦਿਆਂ ਲੱਗੀ ਅੱਗ ਵਿੱਚ ਝੁਲਸੇ ਵਿਅਕਤੀ ਦੀ ਪੀਜੀਆਈ ਵਿਖੇ ਮੌਤ ਹੋ ਗਈ। ਮਾਮਲੇ ਵਿੱਚ ਪੁਲਿਸ ਵੱਲੋਂ ਪਰਚਾ ਦਰਜ ਕੀਤੇ ਜਾਣ ਦੇ ਬਾਵਜੂਦ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਮ੍ਰਿਤਕ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ 'ਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਮ੍ਰਿਤਕ ਦੀ ਲਾਸ਼ ਰੱਖ ਕੇ ਰੋਹ ਭਰਪੂਰ ਮੁਜ਼ਾਰਾ ਕੀਤਾ ਜਾ ਰਿਹਾ ਹੈ।

ਲਾਸ਼ ਰੱਖ ਕੇ ਧਰਨੇ 'ਤੇ ਬੈਠੇ ਮ੍ਰਿਤਕ ਵਿਅਕਤੀ ਦੇ ਪੁੱਤਰ ਜਸਕਰਨ ਸਿੰਘ ਅਤੇ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਅਤੇ ਤਾਏ ਕੁਲਵਿੰਦਰ ਸਿੰਘ ਦਰਮਿਆਨ ਪਿਛਲੇ ਕਾਫ਼ੀ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਸੀ। ਜਿਸ ਦੇ ਚਲਦਿਆਂ ਵਿਰੋਧੀ ਧਿਰ ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਆਈ, ਵਿਰੋਧ ਕਰਨ 'ਤੇ ਸੁਖਦੇਵ ਸਿੰਘ ਉੱਤੇ ਤੇਲ ਪਾ ਕੇ ਅੱਗ ਲਾ ਦਿੱਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਸ਼ੁਤਰਾਣਾ ਪੁਲਿਸ ਵੱਲੋਂ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਪਰ ਹਾਲੇ ਤੱਕ ਕਿਸੇ ਵੀ ਦੋਸ਼ੀ ਦੀ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਪੁਲਿਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੀ ਉਨੀ ਦੇਰ ਤੱਕ ਉਹ ਧਰਨਾ ਜਾਰੀ ਰੱਖਣਗੇ।