ਬੇਸ਼ੱਕ ਭਾਰੀ ਮੀਂਹ ਨੇ ਗੁਆਂਢੀ ਸੂਬਿਆਂ ਵਿਚ ਕਾਫ਼ੀ ਨੁਕਸਾਨ ਕੀਤਾ ਹੈ, ਪਰ ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਵਰਖਾ ਨੇ ਪੰਜਾਬ ਦੇ ਕਿਸਾਨਾਂ ਅਤੇ ਸੂਬਾ ਸਰਕਾਰ ਨੂੰ ਵੱਡੀ ਰਾਹਤ ਦਿੱਤੀ ਹੈ। ਵੱਧ ਰਹੀ ਗਰਮੀ ਕਾਰਨ ਬਿਜਲੀ ਦੀ ਮੰਗ 16700 ਮੈਗਾਵਾਟ ਤੱਕ ਪੁੱਜ ਗਈ ਸੀ, ਜਿਸ ਨੂੰ ਪੂਰਾ ਕਰਨ ਲਈ ਪਾਵਰਕਾਮ ਨੂੰ ਅਣਐਲਾਨੇ ਬਿਜਲੀ ਕੱਟ ਦਾ ਸਹਾਰਾ ਵੀ ਲੈਣਾ ਪਿਆ ਪਰ ਹੁਣ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਬਿਜਲੀ ਦੀ ਮੰਗ ਘੱਟ ਕੇ ਨੌਂ ਹਜ਼ਾਰ ਮੈਗਾਵਾਟ ਤੱਕ ਆ ਗਈ ਹੈ ਅਤੇ ਝੋਨਾ ਲਾਉਣ ਦੇ ਕੰਮ ਵਿਚ ਤੇਜ਼ੀ ਆ ਗਈ। ਮੀਂਹ ਕਾਰਨ ਖੇਤਾਂ ਵਿਚ ਪਾਣੀ ਜਮਾਂ ਹੋ ਗਿਆ ਹੈ, ਜਿਸ ਕਰਕੇ ਕਿਸਾਨਾਂ ਨੂੰ ਕੱਦੂ ਕਰਨ ਵਿਚ ਕੋਈ ਪਰੇਸ਼ਾਨੀ ਨਹੀਂ ਆ ਰਹੀ। ਸੂਬਾ ਸਰਕਾਰ ਨੇ ਇਕ ਜੂਨ ਤੋ ਝੋਨੇ ਲਾਉਣ ਦੀ ਆਗਿਆ ਦੇ ਦਿੱਤੀ ਸੀ।

ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਾਜ਼ਿਲਕਾ ਜ਼ਿਲ੍ਹਿਆਂ ਵਿਚ ਜ਼ਮੀਨੀ ਪਾਣੀ ਦਾ ਪੱਧਰ ਕਾਫ਼ੀ ਉੱਚਾ ਹੈ, ਉੱਥੇ 1 ਜੂਨ ਤੋਂ ਝੋਨਾ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਬਾਕੀ ਜ਼ਿਲ੍ਹਿਆਂ ਵਿਚ ਇਹ 5 ਅਤੇ 9 ਜੂਨ ਤੋਂ ਸ਼ੁਰੂ ਹੋਇਆ ਸੀ, ਪਰ ਇਸ ਦੌਰਾਨ ਤੇਜ਼ ਗਰਮੀ ਨੇ ਲੁਆਈ ਦਾ ਕੰਮ ਰੋਕ ਦਿੱਤਾ। ਹੁਣ ਜਦੋਂ ਪ੍ਰੀ-ਮੌਨਸੂਨ ਅਤੇ ਮਾਨਸੂਨ ਆ ਗਏ ਹਨ, ਤਾਂ ਬਿਜਾਈ ਦੇ ਕੰਮ ਵਿਚ ਤੇਜ਼ੀ ਆਈ ਹੈ। ਮੌਸਮ ਵਿਚ ਭਾਰੀ ਨਮੀ ਕਾਰਨ ਪਾਣੀ ਦਾ ਭਾਫ਼ ਬਣਨਾ ਵੀ ਘੱਟ ਗਿਆ ਹੈ। ਪੰਜਾਬ ਖੇਤੀਬਾੜੀ ਵਿਭਾਗ ਦੇ ਸੂਤਰਾਂ ਅਨੁਸਾਰ, 22.47 ਲੱਖ ਹੈਕਟੇਅਰ ਵਿਚ ਝੋਨੇ ਦੀ ਬਿਜਾਈ ਪੂਰੀ ਹੋ ਗਈ ਹੈ।

ਪਿਛਲੇ ਸਾਲ 32 ਲੱਖ ਹੈਕਟੇਅਰ ਵਿਚ ਝੋਨੇ ਦੀ ਬਿਜਾਈ ਕੀਤੀ ਗਈ ਸੀ। ਇਸ ਸਾਲ ਇਹ 22.47 ਲੱਖ ਹੈਕਟੇਅਰ ਵਿਚ ਕੀਤੀ ਗਈ ਹੈ ਅਤੇ ਜਿਸ ਰਫ਼ਤਾਰ ਨਾਲ ਇਹ ਵਧ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਇਹ ਪਿਛਲੇ ਸਾਲ ਦੇ ਨੇੜੇ ਪਹੁੰਚ ਜਾਵੇਗੀ। ਧਰਤੀ ਹੇਠਲੇ ਪਾਣੀ ਵਿਚ ਗਿਰਾਵਟ ਨੂੰ ਦੇਖਦੇ ਹੋਏ, ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਵੱਡੇ ਦਾਅਵੇ ਕੀਤੇ ਸਨ, ਪਰ ਇਸ ਸਾਲ ਇਸ ਨੂੰ ਵੱਡਾ ਝਟਕਾ ਲੱਗਾ ਹੈ। ਇਹ ਸਿਰਫ 80 ਹਜ਼ਾਰ ਹੈਕਟੇਅਰ ਵਿਚ ਹੀ ਕੀਤਾ ਜਾ ਸਕਿਆ ਜਦੋਂ ਕਿ ਦਾਅਵਾ ਕੀਤਾ ਗਿਆ ਸੀ ਕਿ ਪੰਜ ਲੱਖ ਹੈਕਟੇਅਰ ਸਿੱਧੀ ਬਿਜਾਈ ਅਧੀਨ ਲਿਆਂਦਾ ਜਾਵੇਗਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜੂਨ ਮਹੀਨੇ ਵਿਚ ਪੰਜਾਬ ਵਿਚ ਔਸਤ ਨਾਲੋਂ 28 ਮਿਲੀਮੀਟਰ ਵੱਧ ਬਾਰਿਸ਼ ਹੋਈ ਹੈ। ਆਮ ਤੌਰ 'ਤੇ ਇਨ੍ਹਾਂ ਦਿਨਾਂ ਦੌਰਾਨ 54 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਪਰ ਇਸ ਮਹੀਨੇ ਹੁਣ ਤੱਕ 69.7 ਮਿਲੀਮੀਟਰ ਹੋ ਚੁੱਕੀ ਹੈ।