ਸੰਸਦ ਮੈਂਬਰਾਂ/ਵਿਧਾਇਕਾਂ ਲਈ ਵਿਸ਼ੇਸ਼ ਅਦਾਲਤ ਨੇ ਸ਼ਨਿਚਰਵਾਰ ਨੂੰ ਸਾਬਕਾ ਸੰਸਦ ਮੈਂਬਰ ਤੇ ਮੁਅੱਤਲ ਜੇਡੀਐੱਸ ਆਗੂ ਪ੍ਰਜਵਲ ਰੇਵੰਨਾ ਨੂੰ ਜਬਰ ਜਨਾਹ ਦੇ ਇਕ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ। ਵਿਸ਼ੇਸ਼ ਅਦਾਲਤ ਦੇ ਜੱਜ ਸੰਤੋਸ਼ ਗਜਾਨਨ ਭੱਟ ਨੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵੇਗੌੜਾ ਦੇ ਪੋਤੇ ’ਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ। 34 ਸਾਲਾ ਰੇਵੰਨਾ ਖ਼ਿਲਾਫ਼ ਜਿਨਸੀ ਸ਼ੋਸ਼ਣ ਤੇ ਜਬਰ ਜਨਾਹ ਦੇ ਚਾਰ ਮਾਮਲੇ ਦਰਜ ਹਨ, ਜਿਨ੍ਹਾਂ ’ਚੋਂ ਇਕ ਮਾਮਲੇ ’ਚ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ।

ਇਹ ਮਾਮਲਾ ਇਕ 48 ਸਾਲਾ ਔਰਤ ਨਾਲ ਜੁੜਿਆ ਹੈ, ਜੋ ਹਾਸਨ ਜ਼ਿਲ੍ਹੇ ਦੇ ਗੰਨੀਕਾਡਾ ਸਥਿਤ ਪ੍ਰਜਵਲ ਦੇ ਪਰਿਵਾਰਕ ਫਾਰਮ ਹਾਊਸ ’ਚ ਘਰੇਲੂ ਸਹਾਇਕਾ ਦੇ ਰੂਪ ’ਚ ਕੰਮ ਕਰਦੀ ਸੀ। 2021 ’ਚ ਉਸ ਨਾਲ ਦੋ ਵਾਰ ਹਾਸਨ ਫਾਰਮ ਹਾਊਸ ਤੇ ਬੈਂਗਲੁਰੂ ਸਥਿਤ ਰਿਹਾਇਸ਼ ’ਤੇ ਜਬਰ ਜਨਾਹ ਕੀਤਾ ਗਿਆ ਤੇ ਪ੍ਰਜਵਲ ਨੇ ਇਸ ਘਟਨਾ ਨੂੰ ਆਪਣੇ ਮੋਬਾਈਲ ਫੋਨ ’ਚ ਰਿਕਾਰਡ ਕਰ ਲਿਆ। ਇਹ ਮਾਮਲਾ ਪਿਛਲੇ ਸਾਲ ਅਪ੍ਰੈਲ ’ਚ ਸਾਹਮਣੇ ਆਇਆ ਸੀ, ਜਦ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਨਸੀ ਸ਼ੋਸ਼ਣ ਦੇ ਵੀਡੀਓ ਲੀਕ ਹੋ ਗਏ ਸਨ। ਕੇਸ ਦਰਜ ਕੀਤੇ ਜਾਣ ਤੋਂ ਸਿਰਫ਼ 14 ਮਹੀਨੇ ਬਾਅਦ ਪ੍ਰਜਵਲ ਨੂੰ ਇਹ ਸਜ਼ਾ ਸੁਣਾਈ ਗਈ ਹੈ। ਮਾਮਲੇ ਦੀ ਜਾਂਚ ਕਰਨ ਵਾਲੀ ਐੱਸਆਈਟੀ ਨੇ ਸਤੰਬਰ, 2024 ’ਚ 1632 ਪੰਨਿਆਂ ਦਾ ਦੋਸ਼ ਪੱਤਰ ਦਾਇਰ ਕੀਤਾ ਸੀ•। ਇਸ ਨੇ ਮਾਮਲੇ ’ਚ 113 ਗਵਾਹ ਪੇਸ਼ ਕੀਤੇ।

ਆਈਏਐੱਨਐੱਸ ਮੁਤਾਬਕ, ਵਿਸ਼ੇਸ਼ ਸਰਕਾਰੀ ਵਕੀਲ ਨੇ ਵਿਸ਼ੇਸ਼ ਅਦਾਲਤ ਨੂੰ ਪ੍ਰਜਵਲ ਰੇਵੰਨਾ ਨੂੰ ਵੱਧ ਤੋਂ ਵੱਧ ਸਜ਼ਾ ਦੇਣ ਦੀ ਬੇਨਤੀ ਕੀਤੀ। ਸਜ਼ਾ ਦੇ ਸਮੇਂ ’ਤੇ ਬਹਿਸ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜਿਹੀ ਸਜ਼ਾ ਸਮਾਜ ਨੂੰ ਸਖ਼ਤ ਸੁਨੇਹਾ ਦੇਵੇਗੀ। ਪੀੜਤਾ ਵੱਲੋਂ ਪੇਸ਼ ਹੋਏ ਵਿਸ਼ੇਸ਼ ਸਰਕਾਰੀ ਵਕੀਲ ਬੀਐੱਨ ਜਗਦੀਸ਼ ਨੇ ਕਿਹਾ ਕਿ ਔਰਤ ਇਕ ਗ਼ਰੀਬ ਤੇ ਅਨਪੜ੍ਹ ਘਰੇਲੂ ਵਰਕਰ ਸੀ। ਉਸ ਨਾਲ ਵਾਰ-ਵਾਰ ਜਬਰ ਜਨਾਹ ਕੀਤਾ ਗਿਆ, ਉਸ ਨੂੰ ਬਲੈਕਮੇਲ ਕੀਤਾ ਗਿਆ ਤੇ ਘਰ ਤੋਂ ਭੱਜਣ ਲਈ ਮਜਬੂਰ ਕੀਤਾ ਗਿਆ। ਉਹ ਇਕ ਤਾਕਤਵਰ ਅਪਰਾਧੀ ਦਾ ਆਸਾਨ ਨਿਸ਼ਾਨਾ ਬਣ ਗਈ। ਵੀਡੀਓ ਦੇਖਣ ਤੋਂ ਬਾਅਦ ਉਸ ਨੇ ਖ਼ੁਦਕੁਸ਼ੀ ਕਰਨ ਬਾਰੇ ਵੀ ਸੋਚਿਆ।