ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਕਿਹਾ ਕਿ ਮਨਯੋਗ ਮੁੱਖ ਮੰਤਰੀ ਵੱਲੋਂ ਚਲਾਇਆ ਜਾ ਰਿਹਾ ਪਬਲਿਕ ਆਉਟਰੀਚ ਪ੍ਰੋਗਰਾਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਸ ਪ੍ਰੋਗਰਾਮ ਦੇ ਤਹਿਤ ਅੱਜ 219 ਗੁੰਮੇ ਮੋਬਾਈਲ ਫੋਨ ਉਹਨਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪੇ ਗਏ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਸਫਲਤਾ ਸਾਈਬਰ ਸੈੱਲ ਅਤੇ ਵੱਖ-ਵੱਖ ਪੁਲਿਸ ਥਾਣਿਆਂ ਦੀ ਮਿਹਨਤ ਦਾ ਨਤੀਜਾ ਹੈ। ਫੋਨ ਪ੍ਰਾਪਤ ਕਰਨ ਵਾਲੇ ਲੋਕਾਂ ਵਿੱਚ ਬੇਹੱਦ ਖੁਸ਼ੀ ਅਤੇ ਪੁਲਿਸ ਪ੍ਰਤੀ ਧੰਨਵਾਦ ਦਾ ਮਾਹੌਲ ਸੀ। ਇਸ ਤੋਂ ਇਲਾਵਾ, ਪੁਲਿਸ ਨੇ 89 ਚੋਰੀਸ਼ੁਦਾ ਵਾਹਨ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ 73 ਟੂ-ਵੀਲਰ, 12 ਐਕਟੀਵਾ ਅਤੇ 16 ਫੋਰ-ਵੀਲਰ ਸ਼ਾਮਲ ਹਨ। ਫੋਰ-ਵੀਲਰਾਂ ਵਿੱਚ ਸਕਾਰਪੀਓ, ਫੋਰਚੂਨਰ, ਥਾਰ, ਗਲੈਂਜ਼ਾ, ਲੈਜੈਂਡਰ ਅਤੇ ਟਰਵੇਰਾ ਵਰਗੀਆਂ ਮਹਿੰਗੀਆਂ ਕਾਰਾਂ ਵੀ ਹਨ। ਕਈ ਚੋਰੀ ਗੈਂਗਾਂ ਨੂੰ ਵੀ ਫੜਿਆ ਗਿਆ ਹੈ। ਪੁਲਿਸ ਨੇ ਭਰੋਸਾ ਦਿੱਤਾ ਕਿ ਸਾਰੇ ਵਾਹਨ ਜਲਦੀ ਹੀ ਮਾਲਕਾਂ ਤੱਕ ਪਹੁੰਚਾਏ ਜਾਣਗੇ।
ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਮੋਬਾਈਲ ਫੋਨ ਜਾਂ ਵਾਹਨ ਦੀ ਚੋਰੀ ਕਿਸੇ ਵੀ ਆਮ ਵਿਅਕਤੀ ਦੀ ਰੋਜ਼ਾਨਾ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਇਸੇ ਲਈ ਪੁਲਿਸ ਵੱਲੋਂ ਇਸ ਤਰ੍ਹਾਂ ਦੀਆਂ ਰਿਕਵਰੀਆਂ ‘ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਬਲਿਕ ਅਤੇ ਪੁਲਿਸ ਦੇ ਵਿਚਕਾਰ ਭਰੋਸੇਮੰਦ ਰਿਸ਼ਤਾ ਕਿਸੇ ਵੀ ਪੁਲਿਸ ਸਿਸਟਮ ਦੀ ਕਾਮਯਾਬੀ ਦੀ ਕੁੰਜੀ ਹੈ ਅਤੇ ਅੰਮ੍ਰਿਤਸਰ ਵਿੱਚ ਲੋਕਾਂ ਵੱਲੋਂ ਮਿਲਦਾ ਸਹਿਯੋਗ ਕਾਬਲੇ-ਤਾਰੀਫ਼ ਹੈ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ, ਟੈਕਨੀਕਲ ਸਟਾਫ ਅਤੇ ਸਹਾਇਕ ਟੀਮਾਂ ਦੀ ਮਿਹਨਤ ਦੀ ਵੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣ ਦਾ ਭਰੋਸਾ ਦਿੱਤਾ।





