ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਆਪਣੀ ਦੋ ਪਤਨੀਆਂ ਸਣੇ ਸਰਹੱਦ ਪਾਰੋਂ ਨਸ਼ੇ ਦੀਆਂ ਖੇਪਾਂ ਮੰਗਵਾਂ ਕੇ ਇਥੇ ਤਸਕਰੀ ਕਰਨ ਵਾਲੇ ਸਰਹੱਦੀ ਪਿੰਡ ਭਾਈ ਲੱਧੂ ਵਾਸੀ ਵਿਅਕਤੀ ਨੂੰ ਬੇਨਕਾਬ ਕਰਨ ਦਾ ਦਾਅਵਾ ਕਰਦਿਆਂ ਉਸਦੀਆਂ ਦੋਵੇਂ ਪਤਨੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਢਾਈ ਕਿੱਲੋ ਹੈਰੋਇਨ ਅਤੇ ਸਵਾ ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਜਦੋਂਕਿ ਤਿੰਨਾਂ ਵਿਰੁੱਧ ਥਾਣਾ ਸਦਰ ਪੱਟੀ ’ਚ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਪੁਲਿਸ ਅਗਲੀ ਜਾਂਚ ਵਿਚ ਜੁਟ ਗਈ ਹੈ।
ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਦੇ ਹੱਥ ਸੂਚਨਾ ਲੱਗੀ ਸੀ ਕਿ ਹਰਪ੍ਰੀਤ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਭਾਈ ਲੱਧੂ ਜਿਸਨੇ ਦੋ ਵਿਆਹ ਕਰਵਾਏ ਹੋਏ ਹਨ ਅਤੇ ਉਹ ਆਪਣੀਆਂ ਦੀਆਂ ਦੋਵੇਂ ਪਤਨੀਆਂ ਬਲਜਿੰਦਰ ਕੌਰ ਅਤੇ ਮਨਪ੍ਰੀਤ ਕੌਰ ਨਾਲ ਮਿਲ ਕੇ ਪਾਕਿਸਤਾਨੀ ਤਸਕਰਾਂ ਰਾਂਹੀ ਹੈਰੋਇਨ ਦੀਆਂ ਖੇਪਾਂ ਮੰਗਵਾਉਂਦਾ ਹੈ। ਜਿਸਦੇ ਚੱਲਦਿਆਂ ਐੱਸਪੀ ਇਨਵੈਸਟੀਗੇਸ਼ਨ ਡਾ. ਰਿਪੂਤਪਨ ਸਿੰਘ ਅਤੇ ਡੀਐੱਸਪੀ ਇਨਵੈਸਟੀਗੇਸ਼ਨ ਸੁਖਬੀਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਪ੍ਰਭਜੀਤ ਸਿੰਘ ਵੱਲੋਂ ਗਠਿਤ ਕੀਤੀ ਟੀਮ ਨੇ ਹਰਪ੍ਰੀਤ ਸਿੰਘ ਦੇ ਘਰ ਭਾਈ ਲੱਧੂ ਸਿੰਘ ਵਿਖੇ ਛਾਪੇਮਾਰੀ ਕੀਤੀ ਤਾਂ ਹਰਪ੍ਰੀਤ ਸਿੰਘ ਦੀਆ ਦੋਵੇਂ ਪਤਨੀਆਂ ਘਰ ਵਿਚ ਮਿਲੀਆਂ।
ਜਦੋਂਕਿ ਮੌਕੇ ’ਤੇ ਡੀਐੱਸਪੀ ਸੁਖਬੀਰ ਸਿੰਘ ਵੀ ਪਹੁੰਚ ਗਏ। ਜਦੋਂ ਬਲਜਿੰਦਰ ਕੌਰ ਅਤੇ ਮਨਪ੍ਰੀਤ ਕੌਰ ਕੋਲੋਂ ਪੁੱਛ ਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੰਘ ਨੇ ਕੁੱਕੜਾਂ ਵਾਲੇ ਖੁੱਡੇ ’ਚ ਮਿੱਟੀ ਹੇਠਾਂ ਹੈਰੋਇਨ ਲੁਕੋ ਕੇ ਰੱਖੀ ਹੈ। ਜਿਥੋਂ ਕਾਲੇ ਰੰਗ ਦਾ ਮੋਮੀ ਲਿਫਾਫਾ ਬਰਾਮਦ ਕਰਕੇ ਜਦੋਂ ਉਸਦੀ ਜਾਂਚ ਕੀਤੀ ਤਾਂ ਲਿਫਾਫੇ ਵਿੱਚੋਂ 2 ਕਿਲੋ 516 ਗ੍ਰਾਮ ਹੈਰੋਇਨ ਅਤੇ 1 ਲੱਖ 25 ਹਜਾਰ ਦੀ ਡਰੱਗ ਮਨੀ ਬਰਾਮਦ ਹੋਈ। ਐੱਸਐੱਸਪੀ ਨੇ ਦੱਸਿਆ ਕਿ ਹਰਪ੍ਰੀਤ ਸਿੰਘ, ਬਲਜਿੰਦਰ ਕੌਰ ਅਤੇ ਮਨਪ੍ਰੀਤ ਕੌਰ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।





