ਦਰਿਆਵਾਂ ਨੂੰ ਕਦੇ ਨੱਕੇ ਨਹੀਂ ਲੱਗਦੇ ਤੇ ਨਾ ਹੀ ਇਨ੍ਹਾਂ ਦੇ ਵਹਾਅ ਮੋੜੇ ਜਾ ਸਕਦੇ ਹਨ ਪਰ ਸੂਬੇ ਦੇ ਵੱਖ-ਵੱਖ ਹਿੱਸਿਆਂ ਸਮੇਤ ਘੱਗਰ ਦਰਿਆ ਵਿੱਚ ਆਏ ਭਿਆਨਕ ਹੜ੍ਹ ਦੇ ਚਲਦਿਆਂ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਲੋਕਾਂ ਅੰਦਰ ਜਜ਼ਬਾ ਹੋਵੇ ਤੇ ਉਹ ਹਿੰਮਤ ਦੇ ਨਾਲ ਨਾਲ ਭਾਈਚਾਰਕ ਸਾਂਝ ਬਣਾ ਕੇ ਰੱਖਣ ਤਾਂ ਦਰਿਆਵਾਂ ਨੂੰ ਵੀ ਬੰਨ੍ਹ ਲੱਗ ਜਾਂਦੇ ਹਨ।

ਜਾਣਕਾਰੀ ਅਨੁਸਾਰ ਘੱਗਰ ਦਰਿਆ ’ਚ ਆਏ ਹੜ੍ਹ ਦੇ ਚਲਦਿਆਂ ਹਲਕਾ ਸ਼ੁਤਰਾਣਾ ਦੇ ਪਿੰਡ ਹਰਚੰਦਪੁਰਾ ਤੋਂ ਖਨੌਰੀ ਹੈੱਡਵਰਕਸ ਦੇ ਬੁਰਜੀ ਨੰਬਰ 460 ਤੱਕ ਕਰੀਬ 25 ਕਿਲੋਮੀਟਰ ਤੋਂ ਵੱਧ ਬੰਨ੍ਹ ਦੀ ਮਜ਼ਬੂਤੀ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਆਪਣੇ ਸੈਂਕੜਿਆਂ ਦੀ ਗਿਣਤੀ ਵਿੱਚ ਟਰੈਕਟਰਾਂ ਦੀ ਮਦਦ ਨਾਲ ਮਜ਼ਬੂਤ ਕਰ ਰਹੇ ਹਨ। ਬਾਦਸ਼ਾਹਪੁਰ ਬੈਲਟ ਦੇ ਪਿੰਡ ਹਰਚੰਦਪੁਰਾ ਅਤੇ ਦਿੱਲੀ ਜੰਮੂ ਕੱਟੜਾ ਐਕਸਪ੍ਰੈਸ ਵੇਅ ਦੇ ਸ਼ੁਤਰਾਣਾ ਤੇਈਪੁਰ ਪੁਲ ਦੇ ਨਜ਼ਦੀਕ ਦੋ ਥਾਵਾਂ ’ਤੇ ਪਿਛਲੇ ਅੱਠ ਦਿਨਾਂ ਤੋਂ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ, ਜਿਥੇ ਕਿਸਾਨ ਆਪਣੀਆਂ ਹਿੱਕਾਂ ਡਾਹ ਕੇ ਦਿਨ ਰਾਤ ਕੰਮ ਕਰ ਰਹੇ ਹਨ।

ਇਕੱਲੇ ਸ਼ੁਤਰਾਣਾ ਵਿਖੇ 400 ਮੀਟਰ ਦੇ ਕਰੀਬ ਬੰਨ ਨੂੰ ਮਜ਼ਬੂਤ ਕਰਨ ’ਤੇ 60 ਦੇ ਕਰੀਬ ਟਰੈਕਟਰ ਅਤੇ ਜੇਸੀਬੀ ਮਸ਼ੀਨਾਂ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਇਹਨਾਂ ਨਾਜ਼ੁਕ ਥਾਵਾਂ ’ਤੇ ਕਿਸਾਨਾਂ ਨੇ ਜਿੱਥੇ ਆਪਣੇ ਰੈਣਬਸੇਰੇ ਬਣਾਏ ਹੋਏ ਹਨ, ਉੱਥੇ ਪੁਲ ਦੇ ’ਤੇ ਦੋਵਾਂ ਥਾਵਾਂ ’ਤੇ ਬੰਨ ’ਤੇ ਲੱਗੇ ਲੋਕਾਂ ਲਈ ਲੰਗਰ ਪੱਕੇ ਤੌਰ ’ਤੇ ਲਗਾਏ ਹੋਏ ਹਨ। ਸੇਵਾ ਦੇ ਇਸ ਕੰਮ ’ਚ ਲੱਗੇ ਨੌਜਵਾਨਾਂ ਵੱਲੋਂ ਜਿੱਥੇ ਰਾਤ ਨੂੰ ਜਿੱਥੇ ਸੁੱਤਾ ਵੀ ਸ਼ਿਫਟਾਂ ਵਿੱਚ ਜਾਂਦਾ ਹੈ ਉੱਥੇ ਵਾਰੀ ਸਿਰ ਬੈਟਰੀਆਂ, ਡਾਂਗਾਂ ਅਤੇ ਕਹੀਆਂ ਲੈ ਕੇ ਬੰਨ੍ਹਾਂ ਦੀ ਰਾਖੀ ਕੀਤੀ ਜਾਂਦੀ ਹੈ ਤਾਂ ਕਿ ਰਾਤ ਸਮੇਂ ਕੋਈ ਅਣਹੋਣੀ ਨਾ ਵਾਪਰ ਜਾਵੇ।