ਵਿਦੇਸ਼ ਜਾਣ ਦੀ ਚਾਹਤ ਕਾਰਨ ਆਪਣੀ ਪਤਨੀ ਨੂੰ 28 ਲੱਖ ਰੁਪਏ ਖਰਚ ਕੇ ਕੈਨੇਡਾ ਭੇਜਣ ਅਤੇ ਉੱਥੇ ਪਤਨੀ ਦੇ ਪੀ. ਆਰ. ਹੋ ਜਾਣ ਮਗਰੋਂ ਉਸ ਨੂੰ ਨਾ ਬੁਲਾਉਣ ਅਤੇ ਉਸ ਦਾ ਫੋਨ ਬਲੌਕ ਕਰ ਦੇਣ ਮਗਰੋਂ ਪਤੀ ਨੂੰ ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਪਤਨੀ ਅਤੇ ਉਸ ਦੇ ਮਾਂ-ਬਾਪ ਖ਼ਿਲਾਫ਼ ਪੁਲਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਕੀਤੀ। ਪੜਤਾਲ ਕਰਨ ਉਪਰੰਤ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਮਹਿਲਾ ਥਾਣੇ ਦੇ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਮਨ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਵਾਸੀ ਜਗਰਾਉਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਵਿਆਹ ਅੰਮ੍ਰਿਤਸਰ ਨਿਵਾਸੀ ਜੈਲਿਨ ਪੁੱਤਰੀ ਵਿਜੇ ਕੁਮਾਰ ਨਾਲ ਹੋਇਆ ਸੀ ਅਤੇ ਉਸ ਨੇ 28 ਲੱਖ ਰੁਪਏ ਖਰਚ ਕੇ ਆਪਣੀ ਪਤਨੀ ਨੂੰ ਕੈਨੇਡਾ ਭੇਜਿਆ, ਪਰ ਜਦੋਂ ਉਹ ਪੀ. ਆਰ. ਹੋ ਗਈ ਤਾ ਉਸ ਦੇ ਤੇਵਰ ਬਦਲਦੇ ਦਿਖਾਈ ਦਿੱਤੇ, ਮੈਂ ਜਦੋਂ ਉਸ ਨੂੰ ਸਪਾਉਸ ਦੀ ਫਾਈਲ ਲਾਉਣ ਲਈ ਕਿਹਾ ਤਾ ਉਹ ਇਨਕਾਰ ਕਰਨ ਲੱਗ ਪਈ ਅਤੇ ਕੁਝ ਸਮੇਂ ਬਾਅਦ ਉਸ ਨੇ ਉਸ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ।
ਰਮਨ ਨੇ ਦੱਸਿਆ ਕਿ ਉਸ ਦੀ ਪਤਨੀ ਉਸ ਨਾਲ ਕੁਝ ਦੇਰ ਰਹੀ ਅਤੇ ਕੈਨੇਡਾ ਜਾਣ ਦੀ ਜ਼ਿੱਦ ਕਰਨ ਲੱਗ ਪਈ, ਜਿਸ ’ਤੇ ਉਸ ਨੇ 28 ਲੱਖ ਰੁਪਏ ਦਾ ਪ੍ਰਬੰਧ ਕਰ ਕੇ ਉਸ ਨੂੰ ਕੈਨੇਡਾ ਭੇਜਿਆ। ਪੁਲਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਡੀ. ਐੱਸ. ਪੀ. ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਨੇ ਪੜਤਾਲ ਕਰਨ ਮਗਰੋਂ ਜੈਲਿਨ, ਉਸ ਦੇ ਪਿਤਾ ਵਿਜੇ ਕੁਮਾਰ ਪੁੱਤਰ ਬਲਕਾਰ ਸਿੰਘ ਤੇ ਉਸ ਦੀ ਮਾਤਾ ਰੋਜ਼ ਵਿਰਲਾ ਵਾਸੀ ਅੰਮ੍ਰਿਤਸਰ ਖ਼ਿਲਾਫ਼ ਮਹਿਲਾ ਥਾਣਾ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ 'ਕਾਰਵਾਈ ਸ਼ੁਰੂ ਕਰ ਦਿੱਤੀ ਹੈ।





