ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਗਵਰਨਰ ਨਿਵਾਸ ਦਾ ਘਿਰਾਓ ਕਰਨ ਲਈ ਕੱਢੇ ਜਾ ਰਹੇ ਲਲਕਾਰ ਮਾਰਚ ਵਿੱਚ ਹਲਕਾ ਸਾਹਨੇਵਾਲ ਤੋਂ ਸੈਂਕੜੇ ਨੌਜਵਾਨ ਸ਼ਾਮਲ ਹੋਏ। ਇਸ ਕਾਫਲੇ ਦੀ ਅਗਵਾਈ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਲੱਕੀ ਸੰਧੂ ਅਤੇ ਯੂਥ ਕਾਂਗਰਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਅਮਰਿੰਦਰ ਸਿੰਘ ਸੰਧੂ ਦੁਆਰਾ ਕੀਤੀ ਗਈ।

ਕਾਫਲਾ ਰਵਾਨਾ ਹੋਣ ਤੋਂ ਪਹਿਲਾਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ, ਲੱਕੀ ਸੰਧੂ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨਾਲ ਹਰ ਮੋੜ ’ਤੇ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰ ਦਿੱਤਾ ਹੈ, ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਬਜਾਏ ਸਿਰਫ਼ “ਲਾਰੇ-ਲੱਪੇ” ਲਗਾਏ ਜਾ ਰਹੇ ਹਨ।

ਉਨ੍ਹਾਂ ਦਲੀਲ ਦਿੱਤੀ ਕਿ ਪੰਜਾਬ ਦਾ ਕਿਸਾਨ ਸਾਰੇ ਦੇਸ਼ ਦਾ ਪੇਟ ਭਰਦਾ ਹੈ, ਪਰ ਕੇਂਦਰ ਦੀਆਂ "ਮਾੜੀਆਂ ਨੀਤੀਆਂ" ਕਾਰਨ ਉਹ ਆਪ ਭੁੱਖਾ ਰਹਿਣ ਲਈ ਮਜ਼ਬੂਰ ਹੋਇਆ ਪਿਆ ਹੈ। ਸੰਧੂ ਨੇ ਕਿਹਾ ਕਿ ਪੰਜਾਬ ਦੇ ਹੱਕਾਂ ’ਤੇ ਹੋ ਰਹੀ “ਸਿਸਟਮੈਟਿਕ ਚੋਟ” ਨੂੰ ਰੋਕਣ ਲਈ ਨੌਜਵਾਨ ਇਕੱਠੇ ਹੋ ਰਹੇ ਹਨ ਅਤੇ ਲਲਕਾਰ ਮਾਰਚ ਇਸ ਜ਼ੁਲਮ ਦੇ ਖ਼ਿਲਾਫ਼ ਇੱਕ ਤਗੜਾ ਸੰਦੇਸ਼ ਹੈ।