ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਕਾਰਵਾਈ ਦੌਰਾਨ ਇੱਕ ਵੱਡੀ ਕਾਮਯਾਬੀ ਮਿਲੀ ਹੈ। ਵਿਜੀਲੈਂਸ ਬਿਊਰੋ ਨੇ ਜ਼ੀਰਾ (ਜ਼ਿਲ੍ਹਾ ਫਿਰੋਜ਼ਪੁਰ) ਵਿੱਚ ਤਾਇਨਾਤ ਵਕਫ਼ ਬੋਰਡ ਦੇ ਰੈਂਟ ਕੁਲੈਕਟਰ ਮੁਹੰਮਦ ਇਕਬਾਲ ਨੂੰ 3 ਲੱਖ ਰੁਪਏ ਦੀ ਰਿਸ਼ਵਤ ਦੀ ਦੂਜੀ ਕਿਸ਼ਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਸ਼ਿਕਾਇਤਕਰਤਾ, ਜੋ ਕਿ ਗੁਰਦੁਆਰਾ ਸਿੰਘ ਸਭਾ ਜ਼ੀਰਾ ਦਾ ਵਸਨੀਕ ਹੈ, ਨੇ ਦੱਸਿਆ ਸੀ ਕਿ ਰੈਂਟ ਕੁਲੈਕਟਰ ਨੇ ਵਕਫ਼ ਬੋਰਡ ਵੱਲੋਂ ਅਲਾਟ ਕੀਤੀ ਜ਼ਮੀਨ ਦਾ ਕਬਜ਼ਾ ਦਿਵਾਉਣ ਲਈ ਉਸਤੋਂ ਕੁੱਲ 5.40 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਇਨ੍ਹਾਂ ਵਿੱਚੋਂ 70 ਹਜ਼ਾਰ ਰੁਪਏ ਉਹ ਪਹਿਲਾਂ ਹੀ ਟੋਕਨ ਮਨੀ ਵਜੋਂ ਵੱਸੂਲ ਕਰ ਚੁੱਕਾ ਸੀ।
ਵਿਜੀਲੈਂਸ ਦੇ ਅਨੁਸਾਰ, ਸ਼ਿਕਾਇਤਕਰਤਾ ਵਕਫ਼ ਬੋਰਡ ਦੇ ਨਾਮ 'ਤੇ 2.98 ਲੱਖ ਰੁਪਏ ਦੀ ਸਰਕਾਰੀ ਫੀਸ ਚੈੱਕਾਂ ਰਾਹੀਂ ਅਦਾ ਕਰ ਚੁੱਕਾ ਸੀ, ਜੋ ਕਿ ਛਾਪੇਮਾਰੀ ਦੌਰਾਨ ਮੁਲਜ਼ਮ ਦੇ ਦਫ਼ਤਰ ਤੋਂ ਬਰਾਮਦ ਹੋਈ।
ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ EOW ਟੀਮ ਨੇ ਜਾਲ ਵਿਛਾ ਕੇ ਮੁਹੰਮਦ ਇਕਬਾਲ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ 3 ਲੱਖ ਰੁਪਏ ਲੈਂਦਿਆਂ ਕਾਬੂ ਕਰ ਲਿਆ।
ਇਸ ਮਾਮਲੇ ਵਿੱਚ ਵਿਜੀਲੈਂਸ EOW ਪੁਲਿਸ ਥਾਣਾ, ਲੁਧਿਆਣਾ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।





