ਸੁੰਦਰ ਬਸਤੀ: ਅਵਾਰਾ ਕੁੱਤਿਆਂ ਦਾ ਆਤੰਕ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਵੀਰਵਾਰ ਰਾਤ ਘਰ ਨੇੜੇ ਮੰਦਰ ਦੇ ਬਾਹਰ ਖੇਡ ਰਹੇ 5 ਸਾਲਾ ਬੱਚੇ ਰੋਹਿਤ ’ਤੇ ਚਾਰ-ਪੰਜ ਕੁੱਤਿਆਂ ਨੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਬੱਚੇ ਦੇ ਸਿਰ, ਚਿਹਰੇ, ਛਾਤੀ, ਪੇਟ, ਪੱਟ ਅਤੇ ਲੱਤਾਂ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ। ਕੁੱਤੇ ਦੇ ਵੱਢਣ ਕਾਰਨ ਬੱਚੇ ਦੇ ਪੱਟ ਦੀ ਹੱਡੀ ਵੀ ਟੁੱਟ ਗਈ।
ਲੋਕਾਂ ਨੇ ਬੱਚੇ ਦੀਆਂ ਚੀਕਾਂ ਸੁਣ ਕੇ ਉਸ ਨੂੰ ਕੁੱਤਿਆਂ ਤੋਂ ਛੁਡਵਾਇਆ ਅਤੇ ਤੁਰੰਤ ਹਸਪਤਾਲ ਭੇਜਿਆ। ਡਾਕਟਰਾਂ ਨੇ ਛਾਤੀ ਤੋਂ ਲੈ ਕੇ ਲੱਤ ਤੱਕ ਬੱਚੇ ਦੇ ਸਰੀਰ ’ਤੇ ਪਲਸਤਰ ਲਗਾਇਆ ਅਤੇ ਕਈ ਡੂੰਘੇ ਜ਼ਖ਼ਮਾਂ ਦਾ ਇਲਾਜ ਕੀਤਾ।
ਭਾਰਤੀ ਅੰਬੇਡਕਰ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਦੱਸਿਆ ਕਿ ਇਹ ਹਮਲਾ ਪਿਛਲੇ ਕੁਝ ਦਿਨਾਂ ਵਿੱਚ ਹੋਏ ਇਕ ਹੋਰ ਹਮਲੇ ਤੋਂ ਬਾਅਦ ਹੋਇਆ, ਜਦੋਂ 30 ਦਸੰਬਰ ਨੂੰ ਸੁੰਦਰ ਬਸਤੀ ਦੀ ਰਹਿਣ ਵਾਲੀ ਇੱਕ ਔਰਤ ਨੂੰ ਵੀ ਅਵਾਰਾ ਕੁੱਤਿਆਂ ਨੇ ਵੱਢ ਲਿਆ ਸੀ।
ਜ਼ਿਕਰਯੋਗ ਹੈ ਕਿ ਅਵਾਰਾ ਕੁੱਤਿਆਂ ਦੇ ਖ਼ਤਰੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੀ ਚਿੰਤਾ ਪ੍ਰਗਟਾਈ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।





