ਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿੱਚ ਉਸ ਸਮੇਂ ਹੰਗਾਮਾ ਮਚ ਗਿਆ, ਜਦੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫੜਿਆ ਗਿਆ ਇੱਕ ਮੁਲਜ਼ਮ ਪੁਲਿਸ ਕਰਮਚਾਰੀ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਬੰਧਾਂ ’ਤੇ ਵੀ ਸਵਾਲ ਖੜੇ ਹੋ ਗਏ ਹਨ।
ਜਾਣਕਾਰੀ ਮੁਤਾਬਕ ਥਾਣਾ ਸਲੇਮ ਟਾਬਰੀ ਵਿੱਚ ਤਾਇਨਾਤ ਸਬ-ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਟੀਫਨ ਸਿੱਧੂ (ਨਿਵਾਸੀ ਸਲੇਮ ਟਾਬਰੀ) ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਸੀ। ਪੁਲਿਸ ਪਾਰਟੀ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਗਈ ਸੀ, ਜਿੱਥੇ ਮਾਨਯੋਗ ਅਦਾਲਤ ਵੱਲੋਂ ਉਸ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ ਗਿਆ।
ਅਦਾਲਤੀ ਕਾਰਵਾਈ ਤੋਂ ਬਾਅਦ ਜਦੋਂ ਸਬ-ਇੰਸਪੈਕਟਰ ਕਸ਼ਮੀਰ ਸਿੰਘ ਮੁਲਜ਼ਮ ਨੂੰ ਹੱਥਕੜੀ ਲਗਾ ਕੇ ਅਦਾਲਤ ਤੋਂ ਬਾਹਰ ਵਕੀਲਾਂ ਵਾਲੀ ਪਾਰਕਿੰਗ ਵੱਲ ਲੈ ਕੇ ਜਾ ਰਹੇ ਸਨ, ਤਾਂ ਮੁਲਜ਼ਮ ਨੇ ਚਲਾਕੀ ਨਾਲ ਆਪਣੀ ਹੱਥਕੜੀ ਢਿੱਲੀ ਕਰ ਲਈ। ਮੌਕਾ ਮਿਲਦੇ ਹੀ ਉਸ ਨੇ ਸਬ-ਇੰਸਪੈਕਟਰ ਨੂੰ ਜ਼ੋਰਦਾਰ ਧੱਕਾ ਦਿੱਤਾ ਅਤੇ ਪਾਰਕਿੰਗ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ।
ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਸਬ-ਇੰਸਪੈਕਟਰ ਕਸ਼ਮੀਰ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਸਟੀਫਨ ਸਿੱਧੂ ਖ਼ਿਲਾਫ਼ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਨਵਾਂ ਕੇਸ ਦਰਜ ਕਰ ਲਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।





