ਥਾਣਾ ਕੋਟਭਾਈ ਦੇ ਅਧੀਨ ਆਉਂਦੇ ਪਿੰਡ ਬਾਦੀਆਂ ਵਿੱਚ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਛੇ ਟਿਊਬਵੈੱਲ ਮੋਟਰਾਂ ਵਿੱਚੋਂ ਤਾਂਬਾ ਅਤੇ ਇੱਕ ਟ੍ਰਾਂਸਫਾਰਮਰ ਵਿੱਚੋਂ ਤੇਲ ਚੋਰੀ ਕਰਨ ਦੀ ਵਾਰਦਾਤ ਸਾਹਮਣੇ ਆਈ। ਕਿਸਾਨ ਬਲਵਿੰਦਰ ਕੁਮਾਰ ਉਰਫ਼ ਮੱਲ, ਮਿੱਠਣ ਲਾਲ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਖੇਤਾਂ ਵਿੱਚ ਪਾਣੀ ਦੇਣ ਲਈ ਗਏ ਸਨ, ਜਦੋਂ ਉਨ੍ਹਾਂ ਨੇ ਟਿਊਬਵੈੱਲਾਂ ਦੇ ਨਾਲ ਛੇੜਛਾੜ ਅਤੇ ਤਾਂਬਾ ਗਾਇਬ ਹੋਣ ਦੀ ਸਥਿਤੀ ਵੇਖੀ। ਟਿਊਬਵੈੱਲਾਂ ਵਾਲੇ ਕਮਰੇ ਦੇ ਤਾਲੇ ਵੀ ਟੁੱਟੇ ਹੋਏ ਸਨ। ਇਸ ਤੋਂ ਇਲਾਵਾ, ਕਿਸਾਨ ਸ਼ਿੰਗਾਰਾ ਸਿੰਘ, ਪਾਲ ਸਿੰਘ, ਨਛੱਤਰ ਸਿੰਘ ਅਤੇ ਗੁਰਮੀਤ ਸਿੰਘ ਦੀਆਂ ਟਿਊਬਵੈੱਲ ਮੋਟਰਾਂ ਵਿੱਚੋਂ ਵੀ ਚੋਰੀ ਕੀਤੀ ਗਈ।
ਕਿਸਾਨ ਗੁਰਦੀਪ ਸਿੰਘ ਦੇ ਟ੍ਰਾਂਸਫਾਰਮਰ ਵਿੱਚੋਂ ਚੋਰਾਂ ਨੇ ਤੇਲ ਚੋਰੀ ਕਰ ਲਿਆ। ਕਿਸਾਨਾਂ ਨੇ ਦੱਸਿਆ ਕਿ ਇਸ ਚੋਰੀ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਫ਼ਸਲ ਦੀ ਸਿੰਚਾਈ ਵੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦੀ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਲਾਕੇ ਵਿੱਚ ਰਾਤ ਨੂੰ ਗਸ਼ਤ ਵਧਾਈ ਜਾਵੇ। ਘਟਨਾ ਨਾਲ ਪਿੰਡ ਦੇ ਕਿਸਾਨਾਂ ਵਿੱਚ ਡਰ ਅਤੇ ਰੋਸ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੀ ਸੂਚਨਾ ਉਨ੍ਹਾਂ ਨੇ ਪੁਲਿਸ ਥਾਣਾ ਕੋਟਭਾਈ ਨੂੰ ਦੇ ਦਿੱਤੀ ਹੈ।





