ਸਮਰਾਲਾ ਚੌਂਕ ਇਲਾਕੇ ਵਿੱਚ ਵੀਰਵਾਰ ਸਵੇਰੇ ਇੱਕ ਨੌਜਵਾਨ ਦੀ ਬੇਸੁੱਧ ਲਾਸ਼ ਪਾਰਕ ਵਿੱਚ ਬੈਂਚ 'ਤੇ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਿਸ ਨੇ ਪੜਤਾਲ ਦੌਰਾਨ ਇਹ ਪਾਇਆ ਕਿ ਨੌਜਵਾਨ ਕੋਲ ਕੋਈ ਵੀ ਦਸਤਾਵੇਜ਼ ਨਹੀਂ ਸੀ, ਜਿਸ ਨਾਲ ਉਸਦੀ ਪਛਾਣ ਤੁਰੰਤ ਕੀਤੀ ਜਾ ਸਕੇ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ ਹੈ ਅਤੇ 72 ਘੰਟਿਆਂ ਦੀ ਸ਼ਨਾਖਤ ਤੋਂ ਬਾਅਦ ਪੋਸਟਮਾਰਟਮ ਕੀਤਾ ਜਾਵੇਗਾ। ਸੂਤਰਾਂ ਦੇ ਅਨੁਸਾਰ ਸਵੇਰੇ ਵੇਲੇ ਨੌਜਵਾਨ ਬੈਂਚ 'ਤੇ ਬੈਠਾ ਹੋਇਆ ਸੀ, ਪਰ ਕੁਝ ਸਮੇਂ ਬਾਅਦ ਉਹ ਬੇਸੁੱਧ ਹੋ ਗਿਆ।

ਇਲਾਕੇ ਦੇ ਵਾਸੀਆਂ ਦਾ ਕਹਿਣਾ ਹੈ ਕਿ ਪਾਰਕ ਵਿੱਚ ਅਕਸਰ ਨਸ਼ੇ ਦੀ ਆਦਤ ਵਾਲੇ ਨੌਜਵਾਨ ਬੈਠਦੇ ਰਹਿੰਦੇ ਹਨ। ਇਸ ਮਾਮਲੇ ਵਿੱਚ ਸ਼ੱਕ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਜਾਂ ਓਵਰਡੋਜ਼ ਕਾਰਨ ਹੋਈ ਹੋ ਸਕਦੀ ਹੈ। ਪਰ ਅਸਲ ਕਾਰਨ ਦਾ ਪਤਾ ਪੋਸਟਮਾਰਟਮ ਅਤੇ ਸ਼ਨਾਖਤ ਤੋਂ ਬਾਅਦ ਹੀ ਚੱਲੇਗਾ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਜਾਂਚ ਕਰ ਰਹੀ ਹੈ ਤਾਂ ਜੋ ਮੌਤ ਦੇ ਹਾਲਾਤਾਂ ਬਾਰੇ ਪੂਰਾ ਸਪਸ਼ਟ ਤੱਥ ਮਿਲ ਸਕੇ।