ਲੁਧਿਆਣਾ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਇਲਾਕੇ ਵਿੱਚ ਬੁੱਧਵਾਰ ਸਵੇਰੇ ਇਕ ਮਾਮੂਲੀ ਬਹਿਸ ਨੇ ਉਸ ਵੇਲੇ ਭਿਆਨਕ ਰੂਪ ਧਾਰ ਲਿਆ, ਜਦੋਂ ਝਗੜਾ ਸ਼ਾਂਤ ਕਰਵਾਉਣ ਲਈ ਵਿਚਕਾਰ ਆਏ ਇਕ ਵਿਅਕਤੀ ’ਤੇ ਹਮਲਾ ਕਰ ਦਿੱਤਾ ਗਿਆ। ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਵਿਅਕਤੀ ਦੀ ਘਰ ਪਹੁੰਚਣ ਮਗਰੋਂ ਮੌਤ ਹੋ ਗਈ, ਜਿਸ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਦੀ ਪਛਾਣ 51 ਸਾਲਾਂ ਬ੍ਰਿਜ ਮੰਗਲ ਸਿੰਘ ਵਜੋਂ ਹੋਈ ਹੈ, ਜੋ ਗਲੀ ਨੰਬਰ ਪੰਜ ਦਾ ਰਹਿਣ ਵਾਲਾ ਸੀ। ਪਰਿਵਾਰਕ ਜਾਣਕਾਰੀ ਅਨੁਸਾਰ ਉਹ ਵਿਆਹਿਆ ਨਹੀਂ ਸੀ ਅਤੇ ਪੁਰਾਣਾ ਤੇਲ ਇਕੱਠਾ ਕਰਨ ਦਾ ਕੰਮ ਕਰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਉਹ ਸਵੇਰੇ ਨੇੜਲੇ ਪਾਰਕ ਵਿੱਚ ਸੈਰ ਕਰਨ ਗਿਆ ਹੋਇਆ ਸੀ।

ਪਰਿਵਾਰ ਨੇ ਦੱਸਿਆ ਕਿ ਕਰੀਬ ਇੱਕ ਘੰਟੇ ਬਾਅਦ ਬ੍ਰਿਜ ਮੰਗਲ ਸਿੰਘ ਘਬਰਾਈ ਹੋਈ ਹਾਲਤ ਵਿੱਚ ਦੌੜਦਾ ਹੋਇਆ ਘਰ ਪਹੁੰਚਿਆ ਅਤੇ ਘਰ ਦੇ ਦਰਵਾਜ਼ੇ ਤੱਕ ਪਹੁੰਚਦਿਆਂ ਹੀ ਅਚਾਨਕ ਜ਼ਮੀਨ ’ਤੇ ਡਿੱਗ ਪਿਆ। ਪਰਿਵਾਰ ਨੇ ਉਸ ਨੂੰ ਤੁਰੰਤ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਕੁਝ ਸਮੇਂ ਬਾਅਦ ਸਥਾਨਕ ਲੋਕਾਂ ਤੋਂ ਪਰਿਵਾਰ ਨੂੰ ਪਤਾ ਲੱਗਿਆ ਕਿ ਪਾਰਕ ਵਿੱਚ ਕੁਝ ਵਿਅਕਤੀਆਂ ਵਿਚਾਲੇ ਤਕਰਾਰ ਹੋ ਰਹੀ ਸੀ। ਇਸ ਦੌਰਾਨ ਬ੍ਰਿਜ ਮੰਗਲ ਸਿੰਘ ਨੇ ਝਗੜਾ ਰੋਕਣ ਲਈ ਦਖ਼ਲ ਦਿੱਤਾ, ਜਿਸ ’ਤੇ ਦੋਸ਼ ਹੈ ਕਿ ਕਮਲ ਅਤੇ ਉਸ ਦੇ ਇਕ ਸਾਥੀ ਨੇ ਉਸ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਨੂੰ ਭਜਾ-ਭਜਾ ਕੇ ਕੁੱਟਿਆ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਛੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਮੁਤਾਬਕ ਮ੍ਰਿਤਕ ਦੇ ਸ਼ਰੀਰ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਪਰਿਵਾਰਕ ਬਿਆਨਾਂ ਅਤੇ ਸ਼ੁਰੂਆਤੀ ਜਾਂਚ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮ ਕਮਲ ਅਤੇ ਉਸ ਦੇ ਸਾਥੀ ਖ਼ਿਲਾਫ਼ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਵੇਂ ਮੁਲਜ਼ਮ ਫਰਾਰ ਹਨ ਅਤੇ ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।