ਬਿਨਾਂ ਪਰਮਿਟ ਤੇ ਨਿਰਧਾਰਿਤ ਹੱਦ ਤੋਂ ਵੱਧ ਸ਼ਰਾਬ ਵੇਚਣ ਦੇ ਮਾਮਲੇ ਵਿੱਚ ਐਕਸਾਈਜ਼ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਸਰਹਿੰਦ ਸਰਕਲ ਵਿੱਚ ਚੱਲ ਰਹੀਆਂ ਇਕ ਵਾਈਨ ਕੰਪਨੀ ਦੀਆਂ ਸਾਰੀਆਂ 23 ਸ਼ਰਾਬ ਦੀਆਂ ਦੁਕਾਨਾਂ ਨੂੰ ਤਿੰਨ ਦਿਨਾਂ ਲਈ ਬੰਦ ਕਰਵਾ ਕੇ ਸੀਲ ਕਰ ਦਿੱਤਾ ਗਿਆ ਹੈ। ਵਿਭਾਗੀ ਜਾਣਕਾਰੀ ਅਨੁਸਾਰ ਪਟਿਆਲਾ ਵਿੱਚ ਚੈਕਿੰਗ ਦੌਰਾਨ ਦੋ ਪੇਟੀ ਅੰਗਰੇਜ਼ੀ ਸ਼ਰਾਬ ਅਤੇ ਦੋ ਪੇਟੀ ਬੀਅਰ ਬਰਾਮਦ ਕੀਤੀ ਗਈ ਸੀ, ਜੋ ਆਮ ਗਾਹਕ ਨੂੰ ਬਿਨਾਂ ਪਰਮਿਟ ਦੇ ਵੇਚੀ ਗਈ ਸੀ। ਜਾਂਚ ਤੋਂ ਬਾਅਦ ਇਹ ਸਪੱਸ਼ਟ ਹੋਇਆ ਕਿ ਇਹ ਵਿਕਰੀ ਨਿਯਮਾਂ ਦੀ ਉਲੰਘਣਾ ਕਰਕੇ ਕੀਤੀ ਗਈ ਸੀ। ਇਸ ਮਾਮਲੇ ਵਿੱਚ ਪਟਿਆਲਾ ਜ਼ੋਨ ਦੇ ਡਿਪਟੀ ਕਮਿਸ਼ਨਰ ਐਕਸਾਈਜ਼ ਵੱਲੋਂ ਸਖ਼ਤ ਰੁਖ਼ ਅਪਣਾਉਂਦੇ ਹੋਏ ਕੰਪਨੀ ਦੀਆਂ ਸਰਹਿੰਦ ਸਥਿਤ ਸਾਰੀਆਂ ਦੁਕਾਨਾਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ।

ਇਸ ਤੋਂ ਬਾਅਦ ਐਕਸਾਈਜ਼ ਵਿਭਾਗ ਦੀ ਟੀਮ ਨੇ ਸਵੇਰੇ ਹੀ ਮੌਕੇ ‘ਤੇ ਪਹੁੰਚ ਕੇ ਸਾਰੀਆਂ ਦੁਕਾਨਾਂ ਨੂੰ ਸੀਲ ਕਰ ਦਿੱਤਾ। ਵਿਭਾਗੀ ਅਧਿਕਾਰੀਆਂ ਮੁਤਾਬਕ ਠੇਕੇਦਾਰ ਨੂੰ ਇਸ ਫੈਸਲੇ ਖ਼ਿਲਾਫ਼ ਅਪੀਲ ਕਰਨ ਦਾ ਅਧਿਕਾਰ ਹੈ। ਮਾਮਲੇ ਦੀ ਅਗਲੀ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਨਿਯਮਾਂ ਅਨੁਸਾਰ ਆਮ ਗਾਹਕ ਵੱਲੋਂ ਬਿਨਾਂ ਪਰਮਿਟ ਨਿਰਧਾਰਿਤ ਹੱਦ ਤੋਂ ਵੱਧ ਸ਼ਰਾਬ ਖਰੀਦਣ ‘ਤੇ ਪਾਬੰਦੀ ਹੁੰਦੀ ਹੈ ਅਤੇ ਵੱਡੀ ਮਾਤਰਾ ਦੀ ਖਰੀਦ ਲਈ ਐਕਸਾਈਜ਼ ਵਿਭਾਗ ਤੋਂ ਵਿਸ਼ੇਸ਼ ਪਰਮਿਟ ਲੈਣਾ ਲਾਜ਼ਮੀ ਹੁੰਦਾ ਹੈ। ਨਿਯਮਾਂ ਦੀ ਉਲੰਘਣਾ ਕਰਨ ‘ਤੇ ਜੁਰਮਾਨਾ, ਲਾਇਸੈਂਸ ਮੁਅੱਤਲੀ ਜਾਂ ਦੁਕਾਨ ਸੀਲ ਕਰਨ ਵਰਗੀ ਕਾਰਵਾਈ ਕੀਤੀ ਜਾ ਸਕਦੀ ਹੈ।