ਕਪੂਰਥਲਾ ਦੇ ਪਿੰਡ ਮੱਲੂ ਕਾਦਰਾਬਾਦ ਵਿੱਚ ਘਰੇਲੂ ਕਲੇਸ਼ ਨੇ ਇੱਕ ਪਰਿਵਾਰ ਨੂੰ ਵੱਡੇ ਦੁੱਖ ਵਿੱਚ ਧੱਕ ਦਿੱਤਾ। ਇੱਕ ਪਰਵਾਸੀ ਮਹਿਲਾ ਨੇ ਆਪਣੇ ਤਿੰਨ ਮਾਸੂਮ ਬੱਚਿਆਂ ਸਮੇਤ ਜ਼ਹਿਰੀਲੀ ਦਵਾਈ ਨਿਗਲ ਲਈ। ਇਸ ਦਰਦਨਾਕ ਘਟਨਾ ਵਿੱਚ ਇੱਕ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਮਹਿਲਾ ਅਤੇ ਉਸ ਦੇ ਦੋ ਹੋਰ ਬੱਚਿਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਲਈ ਭੇਜਿਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਪਿੰਡ ਮੱਲੂ ਕਾਦਰਾਬਾਦ ਦੇ ਰਹਿਣ ਵਾਲੇ ਲਵਕੁਸ਼ ਕੁਮਾਰ ਨੇ ਦੱਸਿਆ ਕਿ ਉਹ ਦੇਰ ਰਾਤ ਖੇਤਾਂ ਤੋਂ ਕੰਮ ਕਰਕੇ ਘਰ ਪਰਤਿਆ ਤਾਂ ਉਸ ਨੇ ਆਪਣੀ ਪਤਨੀ ਸੰਤੋਸ਼ ਦੇਵੀ ਨੂੰ ਉਲਟੀਆਂ ਕਰਦੇ ਹੋਏ ਦੇਖਿਆ।

ਉਸ ਦੇ ਨੇੜੇ ਕੀਟਨਾਸ਼ਕ ਦਵਾਈ ਦੀ ਬੋਤਲ ਪਈ ਸੀ, ਜਦਕਿ ਤਿੰਨੇ ਬੱਚੇ ਵੀ ਬੇਹੋਸ਼ੀ ਵਰਗੀ ਹਾਲਤ ਵਿੱਚ ਪਏ ਸਨ। ਲਵਕੁਸ਼ ਕੁਮਾਰ ਨੇ ਤੁਰੰਤ ਇੱਕ ਸੌ ਅੱਠ ਐਂਬੂਲੈਂਸ ਸੇਵਾ ਰਾਹੀਂ ਸਾਰਿਆਂ ਨੂੰ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ। ਉੱਥੇ ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕੀਤਾ, ਪਰ ਇੱਕ ਬੱਚੀ ਦੀ ਜਾਨ ਨਹੀਂ ਬਚਾਈ ਜਾ ਸਕੀ। ਮਹਿਲਾ ਅਤੇ ਬਾਕੀ ਦੋ ਬੱਚਿਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਹਸਪਤਾਲ ਦੇ ਡਾਕਟਰਾਂ ਮੁਤਾਬਕ ਸਾਰੇ ਮਰੀਜ਼ਾਂ ਨੇ ਜ਼ਹਿਰੀਲਾ ਪਦਾਰਥ ਨਿਗਲਿਆ ਸੀ।

ਜਿਸ ਕਾਰਨ ਉਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਸੀ। ਡਾਕਟਰੀ ਟੀਮ ਵੱਲੋਂ ਤੁਰੰਤ ਇਲਾਜ ਕੀਤਾ ਗਿਆ, ਪਰ ਇੱਕ ਬੱਚੀ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਸਦਰ ਪੁਲਿਸ ਨੇ ਮੌਕੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪੱਖ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਹਿਰਦੇ-ਵਿਦਾਰਕ ਘਟਨਾ ਨੇ ਪਿੰਡ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਰ ਕੋਈ ਇਹੀ ਅਰਦਾਸ ਕਰ ਰਿਹਾ ਹੈ ਕਿ ਹਸਪਤਾਲ ਵਿੱਚ ਜ਼ਿੰਦਗੀ ਲਈ ਜੰਗ ਲੜ ਰਹੇ ਮਹਿਲਾ ਅਤੇ ਦੋਵੇਂ ਬੱਚੇ ਜਲਦੀ ਸਿਹਤਯਾਬ ਹੋਣ।