ਭਿੱਖੀਵਿੰਡ ਵਿੱਚ ਸੀਆਈਏ ਸਟਾਫ ਦੇ ਮੁਲਾਜ਼ਮ ਬਣ ਕੇ ਇੱਕ ਘਰ ਵਿੱਚ ਦਾਖ਼ਲ ਹੋਏ ਕਰੀਬ ਅੱਧਾ ਦਰਜਨ ਵਿਅਕਤੀਆਂ ਵੱਲੋਂ 40 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ ਦੇ ਟੋਪਸ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਭਿੱਖੀਵਿੰਡ ਪੁਲਿਸ ਨੇ ਮਾਮਲੇ ਵਿੱਚ ਕੇਸ ਦਰਜ ਕਰਕੇ ਇੱਕ ਮੁਲਜ਼ਮ ਦੀ ਪਛਾਣ ਕਰ ਲਈ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਿਰਮਲ ਕੌਰ ਨੇ ਦੱਸਿਆ ਕਿ ਦੁਪਹਿਰ ਕਰੀਬ 3:30 ਵਜੇ ਚਿੱਟੇ ਰੰਗ ਦੀ ਕਾਰ ਵਿੱਚ ਸਵਾਰ ਕਰੀਬ ਛੇ ਵਿਅਕਤੀ ਦਾਤਰਾਂ ਅਤੇ ਡਾਂਗਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਪਹੁੰਚੇ। ਮੁਲਜ਼ਮਾਂ ਨੇ ਆਪਣੇ ਆਪ ਨੂੰ ਸੀਆਈਏ ਸਟਾਫ ਦੇ ਕਰਮਚਾਰੀ ਦੱਸਦਿਆਂ ਤਲਾਸ਼ੀ ਦੇ ਬਹਾਨੇ ਘਰ ਵਿੱਚ ਦਾਖ਼ਲ ਹੋ ਕੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਅਤੇ ਅਲਮਾਰੀ ਵਿੱਚੋਂ 40 ਹਜ਼ਾਰ ਰੁਪਏ ਦੀ ਨਕਦੀ ਅਤੇ ਨੂੰਹ ਦੇ ਸੋਨੇ ਦੇ ਟੋਪਸ ਲੈ ਕੇ ਫ਼ਰਾਰ ਹੋ ਗਏ।
ਜਾਂਚ ਅਧਿਕਾਰੀ ਏਐੱਸਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਮੁਲਜ਼ਮ ਦੀ ਪਛਾਣ ਵਿਸ਼ਾਲ ਸਿੰਘ ਵਾਸੀ ਵਲਟੋਹਾ ਵਜੋਂ ਹੋ ਚੁੱਕੀ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਕੀਤੀ ਜਾ ਰਹੀ ਹੈ।





