ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਪੁਨਰਵਿਕਾਸ ਕਾਰਜਾਂ ਕਾਰਨ ਰੱਦ ਰਹੀ ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈੱਸ (14542/14541) ਦੀ ਸੇਵਾ ਮੁੜ ਬਹਾਲ ਹੋ ਗਈ ਹੈ। ਸਵਾ ਮਹੀਨੇ ਬਾਅਦ ਰੇਲਗੱਡੀ ਦੇ ਮੁੜ ਚੱਲਣ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਕਰੀਬ 2,500 ਯਾਤਰੀਆਂ ਨੂੰ ਰਾਹਤ ਮਿਲੀ ਹੈ। ਇਸ ਨਾਲ ਚੰਡੀਗੜ੍ਹ ਤੇ ਮੁਹਾਲੀ ਜਾਣ ਵਾਲੇ ਮੁਲਾਜ਼ਮਾਂ, ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਕੰਮ ਲਈ ਜਾਣ ਵਾਲੇ ਲੋਕਾਂ ਅਤੇ ਪੀਜੀਆਈ ਵਿੱਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਮੁੜ ਸਿੱਧੀ ਰੇਲ ਸਹੂਲਤ ਮਿਲੇਗੀ।

ਅੰਮ੍ਰਿਤਸਰ ਤੋਂ ਇਹ ਰੇਲਗੱਡੀ ਰੋਜ਼ਾਨਾ ਸਵੇਰੇ 5:10 ਵਜੇ ਰਵਾਨਾ ਹੋ ਕੇ 9:45 ਵਜੇ ਚੰਡੀਗੜ੍ਹ ਪਹੁੰਚਦੀ ਹੈ। ਵਾਪਸੀ ਦੌਰਾਨ ਇਹ ਚੰਡੀਗੜ੍ਹ ਤੋਂ ਸ਼ਾਮ 4:40 ਵਜੇ ਚੱਲ ਕੇ ਰਾਤ 9:25 ਵਜੇ ਅੰਮ੍ਰਿਤਸਰ ਪਹੁੰਚਦੀ ਹੈ। ਇਸ ਸਮਾਂ-ਸਾਰਣੀ ਕਾਰਨ ਯਾਤਰੀ ਇੱਕੋ ਦਿਨ ਵਿੱਚ ਆਉਣ-ਜਾਣ ਕਰ ਸਕਦੇ ਹਨ।

ਰੇਲਵੇ ਸਟੇਸ਼ਨ ’ਤੇ ਪੁਨਰਵਿਕਾਸ ਕਾਰਜਾਂ ਲਈ ਲਏ ਗਏ ਟ੍ਰੈਫਿਕ ਬਲਾਕ ਕਾਰਨ ਇਹ ਰੇਲਗੱਡੀ 10 ਸਤੰਬਰ ਤੋਂ 16 ਅਕਤੂਬਰ ਤੱਕ ਦੋਵੇਂ ਪਾਸਿਆਂ ਤੋਂ ਰੱਦ ਰਹੀ ਸੀ। ਇਸ ਦੌਰਾਨ ਯਾਤਰੀਆਂ ਨੂੰ ਹੋਰ ਰੇਲਗੱਡੀਆਂ ਰਾਹੀਂ ਸਫ਼ਰ ਕਰਨਾ ਪਿਆ। ਅੰਮ੍ਰਿਤਸਰ ਤੋਂ ਮੁੰਬਈ ਦੇ ਬਾਂਦਰਾ ਟਰਮੀਨਸ ਜਾਣ ਵਾਲੀ ਰੇਲਗੱਡੀ ਨੰਬਰ 12926 ਸਵੇਰੇ 7:20 ਵਜੇ ਰਵਾਨਾ ਹੁੰਦੀ ਸੀ, ਜਿਸ ਕਾਰਨ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਨੂੰ ਪਹਿਲਾਂ ਨਾਲੋਂ ਕਰੀਬ 2 ਘੰਟੇ 10 ਮਿੰਟ ਵਾਧੂ ਉਡੀਕ ਕਰਨੀ ਪੈਂਦੀ ਸੀ। ਸੇਵਾ ਮੁੜ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਬਦਲਵੀਆਂ ਰੇਲਗੱਡੀਆਂ ’ਤੇ ਨਿਰਭਰਤਾ ਅਤੇ ਵਾਧੂ ਉਡੀਕ ਤੋਂ ਰਾਹਤ ਮਿਲੇਗੀ।