ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਨਾਲ ਸਜਾਵਟ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। 27 ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼ ਪੁਰਬ ਲਈ ਦੇਸ਼-ਵਿਦੇਸ਼ ਤੋਂ ਵਿਸ਼ੇਸ਼ ਤੌਰ ’ਤੇ ਮੰਗਵਾਏ ਫੁੱਲਾਂ ਨਾਲ ਪਾਵਨ ਅਸਥਾਨ ਅਤੇ ਕੰਪਲੈਕਸ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਨੂੰ ਸਜਾਇਆ ਜਾ ਰਿਹਾ ਹੈ। ਇਸ ਸੇਵਾ ਵਿੱਚ ਕਰੀਬ 100 ਕਾਰੀਗਰ ਅਤੇ ਸ਼ਰਧਾਲੂ ਜੁਟੇ ਹੋਏ ਹਨ, ਜੋ ਸਜਾਵਟ ਨੂੰ ਅੰਤਿਮ ਰੂਪ ਦੇਣ ਵਿੱਚ ਲੱਗੇ ਹਨ।
ਫੁੱਲਾਂ ਦੀ ਸਜਾਵਟ ਲਈ ਕੋਲਕਾਤਾ, ਦਿੱਲੀ, ਮੁੰਬਈ, ਕੇਰਲਾ, ਪੁਣੇ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਤੋਂ ਫੁੱਲ ਲਿਆਂਦੇ ਗਏ ਹਨ। ਇਸ ਤੋਂ ਇਲਾਵਾ ਮਲੇਸ਼ੀਆ, ਥਾਈਲੈਂਡ, ਸਿੰਗਾਪੁਰ, ਹਾਲੈਂਡ, ਨਿਊਜ਼ੀਲੈਂਡ, ਕੀਨੀਆ ਅਤੇ ਦੱਖਣੀ ਅਫ਼ਰੀਕਾ ਸਮੇਤ ਕਈ ਦੇਸ਼ਾਂ ਤੋਂ ਵੀ ਫੁੱਲ ਮੰਗਵਾਏ ਗਏ ਹਨ। ਕਾਰੀਗਰਾਂ ਵੱਲੋਂ ਫੁੱਲਾਂ ਦੇ ਝੂਮਰ, ਲੜੀਆਂ ਅਤੇ ਵੱਖ-ਵੱਖ ਸਜਾਵਟੀ ਆਕ੍ਰਿਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਖੰਡਾ ਸਾਹਿਬ ਅਤੇ ‘ਇਕ ਓਅੰਕਾਰ’ ਦੇ ਸਰੂਪ ਵਾਲੀਆਂ ਵਿਸ਼ੇਸ਼ ਝਾਲਰਾਂ ਵੀ ਬਣਾਈਆਂ ਜਾ ਰਹੀਆਂ ਹਨ। ਸਜਾਵਟ ਵਿੱਚ ਗੇਂਦੇ ਦੇ ਫੁੱਲਾਂ ਅਤੇ ਪੱਤੀਆਂ ਦੀ ਵੱਡੇ ਪੱਧਰ ’ਤੇ ਵਰਤੋਂ ਕੀਤੀ ਜਾ ਰਹੀ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ, ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ, ਗੁਰਦੁਆਰਾ ਥੜਾ ਸਾਹਿਬ, ਗੁਰਦੁਆਰਾ ਸ੍ਰੀ ਝੰਡਾ ਬੁੰਗਾ ਸਾਹਿਬ, ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ ਜੀ, ਗੁਰਦੁਆਰਾ ਸ੍ਰੀ ਦੁੱਖ ਭੰਜਨੀ ਸਾਹਿਬ, ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਅਤੇ ਗੁਰਦੁਆਰਾ ਲਾਚੀ ਬੇਰੀ ਸਾਹਿਬ ਵਿਖੇ ਵੀ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ। ਕੰਪਲੈਕਸ ਦੀਆਂ ਪਰਿਕਰਮਾਵਾਂ ਨੂੰ ਵੀ ਸਜਾਇਆ ਜਾ ਰਿਹਾ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ।
ਇਸੇ ਦੌਰਾਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਅੰਮ੍ਰਿਤਸਰ ਦੀ ਵਾਲ ਸਿਟੀ ਦੇ ਬਾਹਰਲੇ ਪਾਸੇ ਤੋਂ ਹੁੰਦਾ ਹੋਇਆ ਪੂਰਾ ਚੱਕਰ ਲਗਾਏਗਾ ਅਤੇ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪੰਨ ਹੋਵੇਗਾ। ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤ ਵਿੱਚ ਉਤਸ਼ਾਹ ਹੈ ਅਤੇ ਧਾਰਮਿਕ ਸਮਾਗਮਾਂ ਦੀਆਂ ਤਿਆਰੀਆਂ ਜਾਰੀ ਹਨ।





