ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਡੇਲੀਵੇਜ਼ ਮਹਿਲਾ ਮੁਲਾਜ਼ਮਾਂ ਨੇ ਮੰਗਲਵਾਰ ਨੂੰ ਕਾਲੇ ਕੱਪੜੇ ਪਾ ਕੇ ਬੋਰਡ ਮੈਨੇਜਮੈਂਟ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਨੇ ਨਵੀਂ ਸੀਜ਼ਨਲ ਪਾਲਿਸੀ 2026 ਰੱਦ ਕਰਨ ਅਤੇ ਉਨ੍ਹਾਂ ਨੂੰ ਪਹਿਲਾਂ ਵਾਂਗ ਆਪਣੀਆਂ ਨਿਰਧਾਰਤ ਅਸਾਮੀਆਂ ’ਤੇ ਕੰਮ ਦੇਣ ਦੀ ਮੰਗ ਕੀਤੀ।

ਪ੍ਰਦਰਸ਼ਨਕਾਰੀਆਂ ਅਨੁਸਾਰ, ਉਹ ਪਿਛਲੇ 15 ਤੋਂ 20 ਸਾਲਾਂ ਤੋਂ ਹੈਲਪਰ, ਕਲਰਕ, ਡਾਟਾ ਐਂਟਰੀ ਅਤੇ ਚਪੜਾਸੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ 15 ਅਕਤੂਬਰ ਨੂੰ ਬੋਰਡ ਮੈਨੇਜਮੈਂਟ ਨੇ ਲਗਭਗ 160 ਮੁਲਾਜ਼ਮਾਂ ਨੂੰ ਵੱਖ-ਵੱਖ ਟੀਮਾਂ ਵਿੱਚ ਵੰਡ ਕੇ ਪੁਰਾਣਾ ਸਮਾਨ ਚੁੱਕਣ ਅਤੇ ਸਫ਼ਾਈ ਵਰਗੇ ਕੰਮ ਸੌਂਪੇ। ਮੁਲਾਜ਼ਮਾਂ ਨੇ ਇਹ ਵੀ ਦਾਅਵਾ ਕੀਤਾ ਕਿ ਕੁਝ ਬਜ਼ੁਰਗ ਅਤੇ ਗਰਭਵਤੀ ਮਹਿਲਾ ਕਰਮਚਾਰੀਆਂ ਨੂੰ ਭਾਰੀ ਸਮਾਨ ਚੁੱਕਣ ਲਈ ਕਿਹਾ ਗਿਆ।

ਮੁਲਾਜ਼ਮਾਂ ਨੇ ਪੰਜਾਬ ਸਰਕਾਰ ’ਤੇ ਸੇਵਾਵਾਂ ਪੱਕੀਆਂ ਕਰਨ ਦੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਨਵੀਂ ਨੀਤੀ ਉਨ੍ਹਾਂ ਲਈ ਨੁਕਸਾਨਦੇਹ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨੀਤੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣ ਵਾਲੇ ਕਰਮਚਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੇ ਜਾਣ ’ਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।