ਪੰਜਾਬ ਨੈਸ਼ਨਲ ਬੈਂਕ (PNB) ਨੇ ਲੰਬੇ ਸਮੇਂ ਤੋਂ ਨਿਸ਼ਕਿਰਿਆ ਪਏ ਖਾਤਿਆਂ ਨੂੰ ਲੈ ਕੇ ਗਾਹਕਾਂ ਲਈ ਅਹਿਮ ਚਿਤਾਵਨੀ ਜਾਰੀ ਕੀਤੀ ਹੈ। ਬੈਂਕ ਮੁਤਾਬਕ, ਜਿਨ੍ਹਾਂ ਖਾਤਿਆਂ ਵਿੱਚ 30 ਸਤੰਬਰ 2026 ਤੱਕ ਲਗਾਤਾਰ ਤਿੰਨ ਸਾਲਾਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ ਅਤੇ ਬੈਲੈਂਸ ਵੀ ਜ਼ੀਰੋ ਹੈ, ਉਨ੍ਹਾਂ ਨੂੰ 10 ਨਵੰਬਰ 2026 ਤੋਂ ਬੰਦ ਕੀਤਾ ਜਾ ਸਕਦਾ ਹੈ।
ਇਹ ਨਿਯਮ ਖ਼ਾਸ ਤੌਰ ’ਤੇ ਪੁਰਾਣੇ ਅਤੇ ਲੰਬੇ ਸਮੇਂ ਤੋਂ ਨਿਸ਼ਕਿਰਿਆ ਪਏ ਸੈਲਰੀ ਅਕਾਊਂਟਾਂ ’ਤੇ ਵੀ ਲਾਗੂ ਹੋ ਸਕਦਾ ਹੈ। ਬੈਂਕ ਨੇ ਇਹ ਕਦਮ ਅਜਿਹੇ ਖਾਤਿਆਂ ਦੀ ਦੁਰਵਰਤੋਂ ਅਤੇ ਸੰਭਾਵਿਤ ਧੋਖਾਧੜੀ ਨੂੰ ਰੋਕਣ ਲਈ ਚੁੱਕਿਆ ਹੈ। ਖਾਤਾ ਬੰਦ ਹੋਣ ਤੋਂ ਕਿਵੇਂ ਬਚਾਈਏ? ਜੇਕਰ ਤੁਹਾਡਾ ਖਾਤਾ ਵੀ ਇਨ੍ਹਾਂ ਸ਼ਰਤਾਂ ਵਿੱਚ ਆਉਂਦਾ ਹੈ, ਤਾਂ ਇਸ ਨੂੰ ਬੰਦ ਹੋਣ ਤੋਂ ਬਚਾਉਣ ਲਈ ਨਜ਼ਦੀਕੀ PNB ਸ਼ਾਖਾ ਵਿੱਚ ਜਾ ਕੇ ਮੁੜ ਚਾਲੂ ਕਰਵਾਉਣ ਲਈ ਅਰਜ਼ੀ ਦੇ ਸਕਦੇ ਹੋ। ਇਸ ਦੇ ਨਾਲ ਆਧਾਰ ਕਾਰਡ, ਪੈਨ ਕਾਰਡ, ਵੋਟਰ ਆਈਡੀ ਜਾਂ ਪਾਸਪੋਰਟ ਵਰਗੇ ਪਛਾਣ ਅਤੇ ਪਤੇ ਦੇ ਸਬੂਤ ਲੈ ਕੇ ਜਾਣੇ ਹੋਣਗੇ। ਬੈਂਕ ਵੱਲੋਂ ਦਸਤਾਵੇਜ਼ਾਂ ਦੀ ਤਸਦੀਕ ਅਤੇ KYC ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਖਾਤਾ ਮੁੜ ਚਾਲੂ ਕੀਤਾ ਜਾ ਸਕਦਾ ਹੈ।
24 ਮਹੀਨਿਆਂ ਤੱਕ ਲੈਣ-ਦੇਣ ਨਾ ਹੋਣ ’ਤੇ ਖਾਤਾ ਹੁੰਦਾ ਹੈ ਨਿਸ਼ਕਿਰਿਆ ਬੈਂਕਿੰਗ ਨਿਯਮਾਂ ਅਨੁਸਾਰ, ਸੇਵਿੰਗ ਜਾਂ ਕਰੰਟ ਅਕਾਊਂਟ ਵਿੱਚ 24 ਮਹੀਨਿਆਂ ਤੱਕ ਗਾਹਕ ਵੱਲੋਂ ਕੋਈ ਲੈਣ-ਦੇਣ ਨਾ ਕਰਨ ’ਤੇ ਉਸ ਨੂੰ ਨਿਸ਼ਕਿਰਿਆ (Inoperative) ਮੰਨਿਆ ਜਾਂਦਾ ਹੈ। ਹਾਲਾਂਕਿ, PNB ਦਾ 10 ਨਵੰਬਰ ਵਾਲਾ ਪ੍ਰਸਤਾਵਿਤ ਕਦਮ ਖ਼ਾਸ ਤੌਰ ’ਤੇ ਤਿੰਨ ਸਾਲਾਂ ਤੋਂ ਬਿਨਾਂ ਲੈਣ-ਦੇਣ ਅਤੇ ਜ਼ੀਰੋ ਬੈਲੈਂਸ ਵਾਲੇ ਖਾਤਿਆਂ ਨਾਲ ਸਬੰਧਤ ਹੈ। ਇਸ ਲਈ ਗਾਹਕਾਂ ਨੂੰ ਆਪਣਾ ਖਾਤਾ ਸਟੇਟਸ ਸਮੇਂ ਸਿਰ ਚੈੱਕ ਕਰ ਲੈਣਾ ਚਾਹੀਦਾ ਹੈ।





