ਬਠਿੰਡਾ ਵਿੱਚ NHAI ਦਾ ਫਰਜ਼ੀ ਡਿਪਟੀ ਜਨਰਲ ਮੈਨੇਜਰ ਬਣ ਕੇ ਟੋਲ ਪਲਾਜ਼ਾ ਦਾ ਠੇਕਾ ਦਿਵਾਉਣ ਦੇ ਨਾਂ ’ਤੇ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਮੁਲਜ਼ਮ ਰਾਕੇਸ਼ ਗੋਇਲ ਨੂੰ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਸੈਸ਼ਨ ਜੱਜ ਗਗਨਦੀਪ ਸਿੰਘ ਗਰਗ ਦੀ ਅਦਾਲਤ ਨੇ ਉਸ ਦੀਆਂ ਦੋਵੇਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ। ਮੁਲਜ਼ਮ ’ਤੇ ਦੋ ਵੱਖ-ਵੱਖ ਮਾਮਲਿਆਂ ਵਿੱਚ ਕੁੱਲ 7.29 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਹਨ।

ਪੁਲਿਸ ਅਨੁਸਾਰ, ਪਹਿਲਾ ਮਾਮਲਾ ਕਰੀਬ 2.40 ਕਰੋੜ ਰੁਪਏ ਦੀ ਕਥਿਤ ਠੱਗੀ ਨਾਲ ਸਬੰਧਤ ਹੈ, ਜਿਸ ਵਿੱਚ ਤਿੰਨ ਦਿਨ ਪਹਿਲਾਂ ਹੀ ਜ਼ਮਾਨਤ ਅਰਜ਼ੀ ਖਾਰਜ ਹੋ ਚੁੱਕੀ ਸੀ। ਹੁਣ ਦੂਜੇ ਮਾਮਲੇ ਵਿੱਚ ਵੀ ਅਦਾਲਤ ਨੇ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੋਵੇਂ ਕੇਸ ਥਾਣਾ ਥਰਮਲ ਵਿੱਚ ਦਰਜ ਹਨ।

ਸੁਣਵਾਈ ਦੌਰਾਨ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਮੁਲਜ਼ਮ ਨੂੰ ਝੂਠਾ ਫਸਾਇਆ ਗਿਆ ਹੈ ਅਤੇ ਪੁਲਿਸ ਚਲਾਨ ਵੀ ਪੇਸ਼ ਕਰ ਚੁੱਕੀ ਹੈ। ਉੱਧਰ, ਸਰਕਾਰੀ ਪੱਖ ਨੇ ਠੱਗੀ ਦੀ ਵੱਡੀ ਰਕਮ ਅਤੇ ਮਾਮਲੇ ਦੀ ਗੰਭੀਰਤਾ ਦਾ ਹਵਾਲਾ ਦਿੰਦਿਆਂ ਜ਼ਮਾਨਤ ਦਾ ਵਿਰੋਧ ਕੀਤਾ। ਅਦਾਲਤ ਨੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਅਤੇ ਡਰਾਉਣ-ਧਮਕਾਉਣ ਦੀ ਸੰਭਾਵਨਾ ਨੂੰ ਵੀ ਧਿਆਨ ਵਿੱਚ ਰੱਖਿਆ।

ਫਰਜ਼ੀ ਪਛਾਣ ਪੱਤਰ ਦਿਖਾ ਕੇ ਲਿਆ ਭਰੋਸੇ ਵਿੱਚ ਸ਼ਿਕਾਇਤਾਂ ਮੁਤਾਬਕ, ਰਾਕੇਸ਼ ਗੋਇਲ ਖੁਦ ਨੂੰ NHAI ਦਾ ਡਿਪਟੀ ਜਨਰਲ ਮੈਨੇਜਰ ਦੱਸਦਾ ਸੀ। ਉਸ ਨੇ ਟੋਲ ਪਲਾਜ਼ਾ ਦਾ ਠੇਕਾ ਦਿਵਾਉਣ ਅਤੇ ਵਾਹਨਾਂ ਲਈ ਬਿਨਾਂ ਰੀਚਾਰਜ ਫਾਸਟੈਗ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਇਸ ਲਈ ਉਸ ਨੇ ਕਥਿਤ ਤੌਰ ’ਤੇ ਫਰਜ਼ੀ ਪਛਾਣ ਪੱਤਰ, ਸਰਕਾਰੀ ਲੈਟਰਹੈੱਡ ਅਤੇ ਹੋਰ ਦਸਤਾਵੇਜ਼ ਵੀ ਦਿਖਾਏ।

ਪਹਿਲੇ ਮਾਮਲੇ ਵਿੱਚ ਸ਼ਿਕਾਇਤਕਰਤਾ ਰਾਮ ਸਰੂਪ ਸਿੰਗਲਾ ਤੋਂ ਕਰੀਬ 2.40 ਕਰੋੜ ਰੁਪਏ ਲੈਣ ਦਾ ਦੋਸ਼ ਹੈ। ਦੂਜੇ ਮਾਮਲੇ ਵਿੱਚ ਵੀਡੀਓਗ੍ਰਾਫਰ ਮਨੀਸ਼ ਗੁਪਤਾ ਨੇ ਦੋਸ਼ ਲਗਾਇਆ ਕਿ ਉਸ ਨੇ ਵੱਖ-ਵੱਖ ਕਿਸ਼ਤਾਂ ਵਿੱਚ 7 ਕਰੋੜ 4 ਲੱਖ 21 ਹਜ਼ਾਰ 962 ਰੁਪਏ ਮੁਲਜ਼ਮ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਏ। ਇਸ ਤੋਂ ਇਲਾਵਾ 25 ਲੱਖ ਰੁਪਏ ਉਸ ਦੇ ਇੱਕ ਰਿਸ਼ਤੇਦਾਰ ਦੇ ਖਾਤੇ ਵਿੱਚ ਵੀ ਜਮ੍ਹਾਂ ਕਰਵਾਏ ਗਏ। ਫਿਲਹਾਲ ਮੁਲਜ਼ਮ ਨਿਆਂਇਕ ਹਿਰਾਸਤ ਵਿੱਚ ਹੈ ਅਤੇ ਅਦਾਲਤ ਵੱਲੋਂ ਦੋਵੇਂ ਜ਼ਮਾਨਤ ਅਰਜ਼ੀਆਂ ਖਾਰਜ ਕੀਤੇ ਜਾਣ ਤੋਂ ਬਾਅਦ ਉਸ ਨੂੰ ਕੋਈ ਰਾਹਤ ਨਹੀਂ ਮਿਲੀ ਹੈ।